ਸਰਕਾਰੀ ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਦਾ ਵਿਰੋਧ ਭੜਕੇ ਬੱਸ ਡਰਾਈਵਰਾਂ ਵੱਲੋਂ ਨਾਅਰੇਬਾਜ਼ੀ

09/22/2017 12:33:20 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਤਕਸ਼ਿਲਾ ਸਕੂਲ ਦੇ ਬੱਸ ਡਰਾਈਵਰਾਂ ਦਾ ਇਕ ਵਫਦ ਸਕੂਲ ਵਿਚ ਡਰਾਈਵਰਾਂ ਦੇ ਬੈਠਣ ਲਈ ਜਗ੍ਹਾ ਨਾ ਹੋਣ, ਲੈਟਰੀਨਾਂ ਅਤੇ ਬਾਥਰੂਮਾਂ ਦਾ ਪ੍ਰਬੰਧ ਨਾ ਹੋਣ ਦੇ ਮਸਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲਿਆ। 
ਡੀ. ਸੀ. ਨੂੰ ਮਿਲਣ ਤੋਂ ਪਹਿਲਾਂ ਨਾਅਰੇਬਾਜ਼ੀ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਰਾਈਵਰ ਸਤਨਾਮ ਸਿੰਘ, ਸੰਤੋਖ ਸਿੰਘ, ਸੁਖਜਿੰਦਰ ਸਿੰਘ, ਜਸਵੀਰ ਸਿੰਘ, ਗੁਰਜੰਟ ਸਿੰਘ, ਬਾਬੂ ਸਿੰਘ, ਪਵਨ ਕੁਮਾਰ, ਜਸਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਕਤ ਸਕੂਲ 'ਚ ਡਰਾਈਵਰਾਂ ਦੇ ਖੜ੍ਹਨ ਜਾਂ ਬੈਠਣ ਲਈ ਨਾ ਤਾਂ ਕੋਈ ਜਗ੍ਹਾ ਹੈ ਅਤੇ ਨਾ ਹੀ ਲੈਟਰੀਨਾਂ ਤੇ ਬਾਥਰੂਮ ਦਾ ਪ੍ਰਬੰਧ ਹੈ। ਸਕੂਲ ਵਿਚ ਪੀਣ ਲਈ ਪਾਣੀ ਵੀ ਨਹੀਂ ਦਿੱਤਾ ਜਾਂਦਾ। ਉਹ ਆਪਣੇ ਕੈਂਪਰ 2 ਕਿਲੋਮੀਟਰ ਦੂਰੋਂ ਭਰ ਕੇ ਲਿਆਉਂਦੇ ਹਨ। ਇਸ ਤੋਂ ਇਲਾਵਾ ਪਿੰ੍ਰਸੀਪਲ ਕਿਸੇ ਵੀ ਸਰਕਾਰੀ ਛੁੱਟੀ 'ਤੇ ਸਕੂਲ ਵਿਚ ਛੁੱਟੀ ਨਹੀਂ ਕਰਦਾ। ਅੱਜ  ਮਹਾਰਾਜਾ ਅਗਰਸੈਨ ਜਯੰਤੀ 'ਤੇ ਵੀ ਸਕੂਲ ਵਿਚ ਛੁੱਟੀ ਨਹੀਂ ਕੀਤੀ ਗਈ। ਇਸੇ ਤਰ੍ਹਾਂ 30 ਸਤੰਬਰ ਨੂੰ ਦੁਸਹਿਰਾ ਹੈ ਅਤੇ ਉਸ ਦਿਨ ਵੀ ਸਕੂਲ ਵਿਚ ਛੁੱਟੀ ਨਹੀਂ ਹੈ।  ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਿੰ੍ਰਸੀਪਲ ਵੱਲੋਂ ਸਰਕਾਰੀ ਛੁੱਟੀ ਨਹੀਂ ਕੀਤੀ ਜਾਵੇਗੀ ਤਾਂ ਉਹ ਸਕੂਲ ਦੀਆਂ ਬੱਸਾਂ ਨਹੀਂ ਚਲਾਉਣਗੇ।  
ਸਕੂਲ ਨੂੰ ਨੋਟਿਸ ਕੱਢ ਕੇ ਮੰਗਿਆ ਜਾਵੇਗਾ ਜਵਾਬ : ਜ਼ਿਲਾ ਸਿੱਖਿਆ ਅਫਸਰ
ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਸੰਬੰਧੀ ਜਦੋਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਰਾਜਵੰਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਸਾਰੇ ਸਕੂਲਾਂ ਲਈ ਬਰਾਬਰ ਹੈ। ਇਸ ਸਕੂਲ ਦੀ ਐਫਿਲੀਏਸ਼ਨ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਤੋਂ ਹੋਈ ਹੈ। ਹੁਣੇ ਉਨ੍ਹਾਂ ਨਾਲ ਗੱਲ ਕੀਤੀ ਜਾਵੇਗੀ ਅਤੇ ਸਕੂਲ ਨੂੰ ਨੋਟਿਸ ਕੱਢ ਕੇ ਸਕੂਲ ਖੋਲ੍ਹਣ ਸੰਬੰਧੀ ਜਵਾਬ ਮੰਗਿਆ ਜਾਵੇਗਾ।