ਮਗਨਰੇਗਾ ਦਾ ਕੰਮ ਰੋਕਣ ''ਤੇ ਅਕਾਲੀ ਆਗੂ ਸਮੇਤ 10 ''ਤੇ ਪਰਚਾ ਦਰਜ

02/13/2018 7:18:53 AM

ਤਰਨਤਰਨ,  (ਪ੍ਰਭ ਖਹਿਰਾ)-  ਥਾਣਾ ਸਦਰ ਤਰਨਤਾਰਨ ਅਧੀਨ ਆਉਂਦੇ ਪਿੰਡ ਪੱਖੋਕੇ ਵਿਖੇ ਬੀਤੇ ਦਿਨੀਂ ਬੀ. ਡੀ. ਪੀ. ਓ. ਤਰਨਤਾਰਨ ਵੱਲੋਂ ਮਗਨਰੇਗਾ ਸਕੀਮ ਤਹਿਤ ਪਿੰਡ ਦੇ ਜਾਨ-ਲੇਵਾ ਡੂੰਘਾਈ ਵਾਲੇ ਛੱਪੜ ਨੂੰ ਮਿੱਟੀ ਪਾ ਕੇ ਪੂਰਨ ਦੇ ਸ਼ੁਰੂ ਕਰਵਾਏ ਕੰਮ ਨੂੰ ਧੱਕੇ ਨਾਲ ਰੋਕਣ ਦੇ ਦੋਸ਼ ਤਹਿਤ ਪਿੰਡ ਦੀ ਹੀ ਇਕ ਅਕਾਲੀ ਆਗੂ ਸਮੇਤ 10 ਹੋਰ ਲੋਕਾਂ ਉੱਪਰ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਹੋਣ ਦਾ ਸਮਾਚਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ 5 ਦਿਨ ਪਹਿਲਾਂ ਤਰਨਤਾਰਨ ਦੇ ਬੀ. ਡੀ. ਪੀ. ਓ. ਵੱਲੋਂ ਪਿੰਡ ਪੱਖੋਕੇ ਵਿਚਕਾਰ ਸਥਿਤ ਡੂੰਘੇ ਛੱਪੜ ਨੂੰ ਪਿੰਡ ਦੇ ਬਾਹਰਵਰ ਸਥਿਤ ਪੰਚਾਇਤੀ ਜਗ੍ਹਾ 'ਚੋਂ ਮਿੱਟੀ ਪੁੱਟ ਕੇ ਪੂਰਨ ਦਾ ਕੰਮ ਆਰੰਭ ਕਰਵਾਇਆ ਗਿਆ ਸੀ। ਇਸ ਵਾਸਤੇ ਪਿੰਡ ਦੇ ਕਰੀਬ 100 ਤੋਂ ਜ਼ਿਆਦਾ ਮਜ਼ਦੂਰ ਮਗਨਰੇਗਾ ਸਕੀਮ ਤਹਿਤ ਰੁਜ਼ਗਾਰ 'ਤੇ ਲੱਗੇ ਸਨ। ਪਿੰਡ ਦੇ ਇਕ ਅਕਾਲੀ ਆਗੂ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਵੱਲੋਂ ਆਪਣੇ ਸਾਥੀਆਂ ਸੁਰਜੀਤ ਸਿੰਘ ਮੈਂਬਰ ਪੁੱਤਰ ਚਰਨ ਸਿੰਘ, ਹਰਭਜਨ ਸਿੰਘ ਪੁੱਤਰ ਚਰਨ ਸਿੰਘ, ਪਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਮਾਣ ਸਿੰਘ, ਰਾਜਬੀਰ ਸਿੰਘ ਪੁੱਤਰ ਮੰਗਲ ਸਿੰਘ, ਕੁਲਬੀਰ ਸਿੰਘ ਪੁੱਤਰ ਬੂਟਾ ਸਿੰਘ, ਰਾਜਬੀਰ ਸਿੰਘ ਪੁੱਤਰ ਬਿਸ਼ਨ ਸਿੰਘ, ਡਾ. ਸੋਨੂੰ ਪੁੱਤਰ ਪਰਮਜੀਤ ਸਿੰਘ ਸਾਰੇ ਵਾਸੀ ਪੱਖੋਕੇ ਸਮੇਤ ਨੇ ਕੰਮ ਵਾਲੀ ਜਗ੍ਹਾ 'ਤੇ ਪਾਣੀ ਛੱਡ ਕੇ ਕੰਮ ਨੂੰ ਰੋਕਿਆ। ਮਜ਼ਦੂਰਾਂ ਨੂੰ ਕੰਮ ਕਰਨ ਦੀ ਸੂਰਤ 'ਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਮਿਲੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀਆਂ ਖਿਲਾਫ ਧਾਰਾ 427, 506 ਆਈ. ਪੀ. ਸੀ. ਤੇ ਧਾਰਾ 107, 151, 150 ਸੀ. ਆਰ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।