ਦੋ ਸਕੀਆਂ ਭੈਣਾਂ, ਦੋਵਾਂ ਦੇ ਜਵਾਨ ਪੁੱਤਰਾਂ ਨੂੰ ਕਰਜ਼ਾ ਨਿਗਲ ਗਿਆ

12/26/2017 6:58:40 PM

ਬਠਿੰਡਾ (ਬਲਵਿੰਦਰ) : ਵੈਸੇ ਤਾਂ ਸਿਆਸੀ ਵਾਅਦਿਆਂ ਦੇ ਪੂਰੇ ਹੋਣ ਦੀ ਉਮੀਦ ਘੱਟ ਹੀ ਹੁੰਦੀ ਹੈ ਪਰ ਜੇਕਰ ਮੰਨ ਵੀ ਲਿਆ ਜਾਵੇ ਕਿ ਕੈਪਟਨ ਸਰਕਾਰ ਆਪਣੇ ਵਾਅਦੇ ਅਨੁਸਾਰ ਪੰਜਾਬ ਦੇ ਗਰੀਬ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੋੜ ਦੇਵੇਗੀ। ਪ੍ਰੰਤੂ ਜਿਨ੍ਹਾਂ ਮਾਂਵਾਂ ਦੇ ਲਾਡਲੇ ਖੁਦਕੁਸ਼ੀਆਂ ਕਰ ਗਏ, ਜੋ ਪੰਜਾਬਣਾਂ ਵਿਧਵਾ ਹੋ ਗਈਆਂ, ਜੋ ਬੱਚੇ ਯਤੀਮ ਹੋ ਗਏ, ਉਹ ਕੌਣ ਮੋੜੇਗਾ? ਕੈਪਟਨ ਸਰਕਾਰ, ਕੇਂਦਰ ਸਰਕਾਰ ਜਾਂ ਫਿਰ ਕੋਈ ਹੋਰ?
ਪੰਜਾਬ ਦੇ ਕਿਸਾਨਾਂ ਸਿਰ 70 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਕਰਜ਼ਾ ਹੈ, ਜਿਸ ਵਿਚ 57 ਹਜ਼ਾਰ ਕਰੋੜ ਰੁਪਏ ਬੈਂਕਾਂ ਦੇ ਹਨ ਅਤੇ 13 ਹਜ਼ਾਰ ਕਰੋੜ ਰੁਪਏ ਆੜ੍ਹਤੀਆਂ ਦੇ ਖਾਤੇ ਦੱਸ ਰਹੇ ਹਨ। ਫਸਲਾਂ ਦੀ ਮਾਰ ਸਦਕਾ ਜ਼ਿਆਦਾਤਰ ਕਿਸਾਨ ਕਰਜ਼ਾ ਮੋੜਣ ਤੋਂ ਅਸਮਰਥ ਹੋ ਚੁੱਕੇ ਹਨ। ਇਸ ਲਈ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਖੁਦਕੁਸ਼ੀਆਂ ਕਰਨ 'ਚ ਖੁਸ਼ਹਾਲ ਮਾਲਵਾ ਖੇਤਰ ਹੀ ਸਭ ਤੋਂ ਅੱਗੇ ਹੈ, ਜਿਥੇ 2000 ਤੋਂ 2016 ਤੱਕ 16 ਹਜ਼ਾਰ ਤੋਂ ਵੀ ਜ਼ਿਆਦਾ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਗਏ। ਨਾ ਇਹ ਰਾਹ ਮੁੱਕੀ ਹੈ ਤੇ ਨਾ ਹੀ ਪੰਜਾਬ 'ਚ ਕਿਸਾਨ ਮੁੱਕੇ ਹਨ, ਜਦਕਿ ਖੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਹੈ। ਜੇਕਰ ਕਰਜ਼ਾ ਨਾ ਮੁੱਕਿਆ ਤਾਂ ਪੰਜਾਬ ਦੇ ਕਿਸਾਨ ਜ਼ਰੂਰ ਮੁੱਕ ਜਾਣਗੇ।
ਦੋ ਸਕੀਆਂ ਭੈਣਾਂ, ਦੋਵਾਂ ਦੇ ਜਵਾਨ ਪੁੱਤਰਾਂ ਨੂੰ ਕਰਜ਼ਾ ਨਿਗਲ ਗਿਆ
75 ਸਾਲਾ ਨਸੀਬ ਕੌਰ ਪਤਨੀ ਜਗਰੂਪ ਸਿੰਘ ਤੇ 70 ਸਾਲਾ ਹਰਬੰਸ ਕੌਰ ਪਤਨੀ ਚੰਨਣ ਸਿੰਘ ਦਾ ਵਿਆਹ ਚਾਰ-ਪੰਜ ਦਹਾਕੇ ਪਹਿਲਾਂ ਪਿੰਡ ਕੋਟਭਾਰਾ 'ਚ ਹੋਇਆ ਸੀ।
ਪੁੱਤ ਦੀ ਮੌਤ ਤੋਂ ਬਾਅਦ ਟੁੱਟਾ ਦੁੱਖਾਂ ਦਾ ਪਹਾੜ
ਕਰੀਬ 20 ਸਾਲ ਪਹਿਲਾਂ ਪਤੀ ਜਗਰੂਪ ਸਿੰਘ ਸਦੀਵੀਂ ਵਿਛੋੜਾ ਦੇ ਗਿਆ। ਰੱਬ ਦਾ ਭਾਣਾ ਮੰਨ ਕੇ ਸਬਰ ਦਾ ਘੁੱਟ ਭਰ ਲਿਆ। ਉਸਨੇ ਸੋਚਿਆ ਕਿ ਦੋ ਏਕੜ ਜ਼ਮੀਨ ਸਹਾਰੇ ਜਵਾਨ ਹੁੰਦੀਆਂ ਦੋ ਧੀਆਂ ਦਾ ਵਿਆਹ ਕਰ ਸਕੇਗੀ, ਜਦਕਿ ਇਕਲੌਤੇ ਪੁੱਤਰ ਜਗਤਾਰ ਸਿੰਘ ਦਾ ਪਾਲਣ ਪੋਸ਼ਣ ਵੀ ਹੋ ਜਾਵੇਗਾ। ਬੜੀ ਹਿੰਮਤ ਨਾਲ ਉਹ ਆਪਣੇ ਬੱਚਿਆਂ ਦਾ ਪਿਤਾ ਵੀ ਬਣ ਗਈ। ਸਭ ਕੁਝ ਠੀਕ ਵੀ ਚੱਲ ਰਿਹਾ ਸੀ ਪਰ ਧੀਆਂ ਦੇ ਵਿਆਹ ਕਰਨ ਤੇ ਹੋਰ ਕੰਮਾਂ-ਕਾਜਾਂ 'ਚ ਉਸਨੂੰ ਲੱਖਾਂ ਰੁਪਏ ਦਾ ਕਰਜ਼ਾ ਵੀ ਲੈਣਾ ਪਿਆ। ਜੋ ਬੈਂਕ ਦਾ ਵਿਆਜ਼ ਆਦਿ ਲਗਾ ਕੇ 5 ਲੱਖ ਰੁਪਏ ਹੋ ਗਿਆ ਸੀ। ਦੂਜੇ ਪਾਸੇ ਇਕਲੌਤਾ ਲਾਡਲਾ ਗੁਰਮੀਤ ਸਿੰਘ ਵੀ ਜਵਾਨ ਹੋ ਗਿਆ ਸੀ, ਜਿਸਦਾ ਵਿਆਹ ਕਰਨ ਦਾ ਸਮਾਂ ਵੀ ਆ ਗਿਆ ਸੀ। ਪ੍ਰੰਤੂ ਸਿਰ 'ਤੇ ਕਰਜ਼ੇ ਦੀ ਪੰਡ ਗੁਰਮੀਤ ਸਿੰਘ ਨੂੰ ਬੋਝਲ ਲੱਗਣ ਲੱਗੀ ਤੇ 36 ਸਾਲ ਦੀ ਉਮਰ ਤੱਕ ਉਸਦਾ ਵਿਆਹ ਵੀ ਨਹੀਂ ਹੋ ਸਕਿਆ। ਅੰਤ ਉਹੀ ਹੋਇਆ ਜੋ ਟੁੱਟੇ ਕਿਸਾਨਾਂ ਨਾਲ ਹੁੰਦਾ ਹੈ। ਗੁਰਮੀਤ ਸਿੰਘ ਨੇ ਕਰੀਬ 6 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ। ਅੰਤਾਂ ਦਾ ਕਹਿਰ ਟੁੱਟਿਆ ਤੇ ਨਸੀਬ ਕੌਰ ਜਿੰਦਾ ਲਾਸ਼ ਬਣ ਕੇ ਰਹਿ ਗਈ। ਭਾਵੇਂ ਧੀਆਂ ਆਪਣੇ ਘਰ ਖੁਸ਼ ਹਨ, ਪਰ ਉਸਦੇ ਦਿਲ 'ਚ ਝਾਕ ਕੇ ਦੇਖਣ ਵਾਲਾ ਕੋਈ ਨਹੀਂ, ਜੋ ਕਦੇ ਉਸਦਾ ਦੁੱਖ ਵੰਡਾ ਸਕੇ। ਹੁਣ ਘਰ 'ਚ ਨਸੀਬ ਘਰ ਦੇ ਘਰ ਨਾ ਕੋਈ ਇਨਸਾਨ ਹੈ ਤੇ ਨਾ ਹੀ ਕੋਈ ਜਾਨਵਰ। ਜੇ ਹਨ ਤਾਂ ਸਿਰਫ ਉਸਦੇ ਦੁੱਖ-ਦਰਦ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਪਿੰਡ ਵਾਸੀ ਤਰਸ ਤੇ ਸਤਿਕਾਰ ਵਜੋਂ ਉਸ ਨਾਲ ਰੁੱਖੀ-ਸੁੱਕੀ ਸਾਂਝੀ ਕਰ ਲੈਂਦੇ ਹਨ, ਪਰ ਉਸਨੂੰ ਜ਼ਿੰਦਗੀ ਤੋਂ ਕੋਈ ਆਸ-ਉਮੀਦ ਨਹੀਂ ਬਚੀ ਹੈ।

ਹਰਬੰਸ ਕੌਰ 'ਤੇ ਦੁੱਖਾਂ ਦਾ ਪਹਾੜ
ਕਰੀਬ 10 ਸਾਲ ਪਹਿਲਾਂ ਪਤੀ ਚੰਨਣ ਸਿੰਘ ਦੀ ਮੌਤ ਹੋ ਗਈ। ਕਈ ਸਾਲ ਪਹਿਲਾਂ ਉਹ ਦੋ ਧੀਆਂ ਦਾ ਵਿਆਹ ਕਰ ਚੁੱਕੀ ਹੈ। ਢਾਈ ਕਿਲੇ ਜ਼ਮੀਨ ਸੀ, ਜਿਸ 'ਤੇ ਪੁੱਤਰ ਗੁਰਮੀਤ ਸਿੰਘ ਖੇਤੀ ਕਰਦਾ ਸੀ। ਘਰੇਲੂ ਕਾਰਨ ਸਦਕਾ ਲੱਖਾਂ ਰੁਪਏ ਕਰਜ਼ਾ ਲੈਣਾ ਪਿਆ, ਜੋ ਬੈਂਕ ਦੇ ਵਿਆਜ਼ ਕਾਰਨ ਵਧ ਕੇ 5 ਲੱਖ ਰੁਪਏ ਹੋ ਗਿਆ ਸੀ। ਖੇਤੀ 'ਚੋਂ ਰੋਟੀ ਵੀ ਪੂਰੀ ਨਹੀਂ ਸੀ ਹੁੰਦੀ। ਜਿਸਦੇ ਚਲਦਿਆਂ ਕਰਜ਼ਦਾਰ ਪ੍ਰੇਸ਼ਾਨ ਕਰ ਲੱਗੇ। ਸਿਰ ਚੜ੍ਹੇ ਕਰਜ਼ੇ ਕਾਰਨ ਗੁਰਮੀਤ ਸਿੰਘ ਵਿਆਹ ਵੀ ਨਾ ਕਰਵਾ ਸਕਿਆ। ਅੰਤ ਕਰਜ਼ੇ ਦੇ ਬੋਝ ਨੂੰ ਨਾ ਝੱਲਦਿਆਂ ਕਰੀਬ ਪੌਣੇ ਦੋ ਸਾਲ ਪਹਿਲਾਂ 34 ਸਾਲਾ ਗੁਰਮੀਤ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ। ਹਰਬੰਸ ਕੌਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਹ ਦੁੱਖ ਬਹੁਤ ਵੱਡਾ ਸੀ। ਇਥੇ ਹੀ ਬੱਸ ਨਹੀਂ, ਕੁਝ ਸਮੇਂ ਬਾਅਦ ਉਸਦੇ ਜਵਾਈ ਦੀ ਮੌਤ ਹੋ ਗਈ ਤੇ ਵਿਧਵਾ ਧੀ ਵੀ ਉਸਦੇ ਦਰਵਾਜ਼ੇ 'ਤੇ ਆ ਬੈਠੀ। ਹੁਣ ਉਹ ਇਕ ਮੱਝ ਰੱਖ ਕੇ ਆਪਣੇ ਤੇ ਆਪਣੀ ਧੀ ਦਾ ਢਿੱਡ ਭਰ ਲੈਂਦੀ ਹੈ ਜਾਂ ਫਿਰ ਆਪਣੀ ਸਕੀ ਭੈਣ ਨਸੀਬ ਕੌਰ ਦੇ ਗਲ ਲੱਗ ਕੇ ਰੋ ਲੈਂਦੀ ਹੈ। ਇਸ ਤੋਂ ਵੱਧ ਉਸਦੀ ਜ਼ਿੰਦਗੀ 'ਚ ਹੋਰ ਕੁਝ ਨਹੀਂ ਬਚਿਆ ਹੈ। ਕਦੇ-ਕਦੇ ਬੈਂਕ ਦੇ ਕਰਜ਼ੇ ਵਾਲੇ ਨੋਟਿਸ ਆ ਜਾਂਦੇ ਹਨ, ਪਰ ਉਹ ਕਰਜ਼ਾ ਭਰਨ ਤੋਂ ਹੁਣ ਵੀ ਅਸਮਰਥ ਹੀ ਹੈ।
ਕੀ ਕਹਿੰਦੇ ਹਨ ਪ੍ਰਸ਼ਾਸਨਿਕ ਅਧਿਕਾਰੀ :
ਕੋਟਭਾਰਾ ਦੀ ਤਹਿਸੀਲ ਮੌੜ ਮੰਡੀ ਦੇ ਤਹਿਸੀਲਦਾਰ ਸਰੋਜ ਬਾਲਾ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਆਈ ਕਰਜ਼ਾ ਮੁਆਫੀ ਦੀ ਸਕੀਮ ਤਹਿਤ ਉਹ ਸੂਚੀਆਂ ਤਿਆਰ ਕਰ ਰਹੇ ਹਨ, ਜੋ ਸਰਕਾਰ ਨੂੰ ਭੇਜੀਆਂ ਜਾ ਰਹੀਆਂ ਹਨ। ਜੇਕਰ ਨਿਯਮਾਂ ਤਹਿਤ ਉਕਤ ਪਰਿਵਾਰਾਂ ਦਾ ਨਾਂ ਵੀ ਸੂਚੀ ਵਿਚ ਆਇਆ ਤਾਂ ਇਨ੍ਹਾਂ ਦਾ ਕਰਜ਼ਾ ਮੁਆਫ ਹੋ ਸਕੇਗਾ। ਖੁਦਕੁਸ਼ੀ ਕਰਨ ਵਾਲੇ ਕਿਸਾਨ ਦਾ ਕਰਜ਼ਾ ਮੁਆਫ ਹੋਣ ਬਾਰੇ ਵੱਖਰੇ ਨਿਯਮਾਂ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਨਿਯਮ ਨਹੀਂ, ਪਰ ਮੌਕੇ ਦੀ ਸਰਕਾਰ ਜਾਂ ਸੰਬੰਧਤ ਬੈਂਕ ਆਪਣੇ ਪੱਧਰ 'ਤੇ ਇਸਨੂੰ ਮਾਫ ਵੀ ਕਰ ਸਕਦੀ ਹੈ। ਪ੍ਰੰਤੂ ਉਕਤ ਪਰਿਵਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਰ ਵੀ ਉਹ ਧਿਆਨ ਦੇਣਗੇ ਕਿ ਜੇਕਰ ਉਕਤ ਦੀ ਕੋਈ ਮੱਦਦ ਕੀਤੀ ਜਾ ਸਕੇ।