ਚੰਡੀਗੜ੍ਹ ''ਚ ਕਤਲ ਕੀਤੀਆਂ ਭੈਣਾਂ ਦਾ ਹੋਇਆ ਸਸਕਾਰ, ਪਿਤਾ ਨੇ ਦੱਸੀ ਸਾਰੀ ਘਟਨਾ

08/17/2019 6:33:45 PM

ਅਬੋਹਰ (ਸੁਨੀਲ) : ਅਬੋਹਰ-ਮਲੋਟ ਕੌਮਾਂਤਰੀ ਰੋਡ 'ਤੇ ਸਥਿਤ ਪਿੰਡ ਬੱਲੂਆਣਾ ਵਾਸੀ ਦੋ ਭੈਣਾਂ ਦਾ 15 ਅਗਸਤ ਦੀ ਸਵੇਰ ਦੋਸਤ ਨੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਸੀ। ਪੁਲਸ ਨੇ ਮੁਲਜ਼ਮ ਨੂੰ ਦਿੱਲੀ ਰੇਲਵੇ ਸਟੇਸ਼ਨ 'ਤੇ ਭੱਜਣ ਦੀ ਤਿਆਰੀ ਕਰਦੇ ਹੋਏ ਕਾਬੂ ਕਰ ਲਿਆ। ਉਧਰ, ਸ਼ੁੱਕਰਵਾਰ ਦੇਰ ਸ਼ਾਮ ਪੋਸਟਮਾਰਟਮ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈਆਂ। ਰਾਤ ਕਰੀਬ ਦੋ ਵੱਜੇ ਜਿਵੇਂ ਹੀ ਐਂਬੂਲੈਂਸ ਦੋਵਾਂ ਮ੍ਰਿਤਕ ਭੈਣਾਂ ਦੀਆਂ ਲਾਸ਼ਾਂ ਲੈ ਕੇ ਪਿੰਡ 'ਚ ਪੁੱਜੀ ਤਾਂ ਪੂਰਾ ਪਿੰਡ ਸੋਗ ਦੀ ਲਹਿਰ 'ਚ ਡੁੱਬ ਗਿਆ। ਸ਼ਨੀਵਾਰ ਸਵੇਰੇ ਕਰੀਬ ਸਾਢੇ 8 ਵਜੇ ਪਿੰਡ 'ਚ ਹੀ ਦੋਵਾਂ ਦਾ ਸਸਕਾਰ ਕਰ ਦਿੱਤਾ ਗਿਆ।


ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨਪ੍ਰੀਤ ਕੌਰ ਤੇ ਰਾਜਵੰਤ ਕੌਰ ਦੇ ਪਿਤਾ ਸਿਕੰਦਰ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਸਵੇਰੇ 8 ਵਜੇ ਉਨ੍ਹਾਂ ਨੇ ਮਨਪ੍ਰੀਤ ਨੂੰ ਫੋਨ ਕੀਤਾ ਤਾਂ ਉਸਨੇ ਫੋਨ ਨਹੀਂ ਚੁੱਕਿਆ, ਇਸ ਦੇ ਬਾਅਦ ਉਨ੍ਹਾਂ ਨੇ ਦੂਜੀ ਬੇਟੀ ਰਾਜਵੰਤ ਕੌਰ ਨੂੰ ਫੋਨ ਕੀਤਾ ਤਾਂ ਉਸ ਨੇ ਵੀ ਫੋਨ ਨਹੀਂ ਚੁੱਕਿਆ। ਉਨਾਂ ਨੂੰ ਹੈਰਾਨੀ ਹੋਈ ਤਾਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਨੂੰ ਸੈਕਟਰ 22 ਸਥਿਤ ਪੀ. ਜੀ 'ਚ ਪਤਾ ਲੈ ਕੇ ਆਉਣ ਨੂੰ ਭੇਜਿਆ, ਜਿਸਨੇ ਦੱਸਿਆ ਕਿ ਦੋਵਾਂ ਨੂੰ ਕਮਰੇ ਨੂੰ ਬਾਹਰ ਤੋਂ ਤਾਲਾ ਲੱਗਿਆ ਹੈ।

ਰੱਖੜੀ ਦਾ ਤਿਓਹਾਰ ਸੀ, ਇਸ ਲਈ ਉਨ੍ਹਾਂ ਸੋਚਿਆ ਕਿ ਸਰਪ੍ਰਾਈਜ਼ ਦੇਣ ਲਈ ਕਿਤੇ ਪਿੰਡ ਨੂੰ ਨਾ ਆ ਰਹੀਆਂ ਹੋਣ, ਇਸ ਲਈ ਉਨ੍ਹਾਂ ਨੇ ਅਬੋਹਰ ਆਉਣ ਵਾਲੀ ਬੱਸ ਦੇ ਡ੍ਰਾਈਵਰ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਅੱਜ ਰਾਜਵੰਤ ਕੌਰ ਅਤੇ ਮਨਪ੍ਰੀਤ ਕੌਰ ਨਹੀਂ ਆਈਆਂ। 


ਇਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਜਦੋਂ ਪੁਲਸ ਨੇ ਆ ਕੇ ਤਾਲਾ ਤੋੜਿਆ ਤਾਂ ਅੰਦਰ ਦੋਵਾਂ ਦੀਆਂ ਲਾਸ਼ਾਂ ਪਈਆਂ ਸਨ। ਉਨ੍ਹਾਂ ਨੂੰ ਜਿਵੇਂ ਹੀ ਸੂਚਨਾ ਮਿਲੀ, ਉਹ ਚੰਡੀਗੜ੍ਹ ਲਈ ਰਵਾਨਾ ਹੋ ਗਏ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਕੌਰ ਰਾਜਵੰਤ ਕੌਰ ਦਾ ਦੋਸਤ ਕੁਲਦੀਪ ਨਾਮਕ ਨੌਜਵਾਨ ਸੀ। ਜਿਹੜਾ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਸਵੇਰੇ ਹਾਦਸੇ ਬਾਅਦ ਬਾਹਰ ਆਉਂਦੇ ਦੇਖਿਆ ਗਿਆ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਕੁਲਦੀਪ ਨੂੰ ਟ੍ਰੈਕ ਕਰਨਾ ਸ਼ੁਰੂ ਕੀਤਾ ਜਿਸਨੂੰ ਦਿੱਲੀ 'ਚ ਰੇਲਵੇ ਸਟੇਸ਼ਨ 'ਤੇ ਕਾਬੂ ਕਰ ਲਿਆ ਗਿਆ ਹੈ।

Gurminder Singh

This news is Content Editor Gurminder Singh