ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿਮਰਨਜੀਤ ਸਿੰਘ ਮਾਨ ਦਾ ਬੀਬੀ ਜਗੀਰ ਕੌਰ ਨੂੰ ਵੱਡਾ ਸਵਾਲ

08/31/2021 12:55:01 PM

ਬੇਗੋਵਾਲ (ਰਜਿੰਦਰ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਦਾ ਪਤਾ ਲਗਾਉਣ ਲਈ ਬੇਗੋਵਾਲ ਦੇ ਭਦਾਸ ਚੌਂਕ ਵਿਚ ਪਿਛਲੇ ਸਮੇਂ ਤੋਂ ਚੱਲ ਰਹੇ ਧਰਨੇ ਵਿਚ ਸੋਮਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹੁੰਚੇ। ਇਥੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਕੋਲੋਂ ਸਵਾਲ ਪੁੱਛਦਾ ਹਾਂ ਕਿ ਉਹ ਇਹ ਦੱਸਣ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਕਿੱਥੇ ਹਨ ਅਤੇ ਜੇਕਰ ਇਹ ਪਾਵਨ ਸਰੂਪਾਂ ਦਾ ਪਤਾ ਨਹੀਂ ਦੇ ਸਕਦੇ ਤਾਂ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਅਕਾਲੀ ਦਲ ਬਾਦਲ ਐੱਸ. ਜੀ. ਪੀ. ਸੀ. ਚੋਣਾਂ ਕਰਵਾਏ। ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਨ੍ਹਾਂ ਪਾਵਨ ਸਰੂਪਾਂ ਨੂੰ ਕੇਂਦਰ ਸਰਕਾਰ ਲੈ ਗਈ ਹੈ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਰੇਕ ਪੰਜ ਸਾਲ ਬਾਅਦ ਹੋਣੀਆਂ ਚਾਹੀਦੀਆਂ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਚੋਣਾਂ ਹੋਈਆਂ ਨੂੰ ਦਸ ਸਾਲ ਹੋ ਗਏ ਹਨ, ਇਸ ਕਰਕੇ 18 ਸਤੰਬਰ ਨੂੰ ਸਾਡੇ ਵੱਲੋਂ ਅੰਮ੍ਰਿਤਸਰ ਵਿਖੇ ਇਕੱਠ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦਿਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ ਦੱਸ ਸਾਲ ਪੂਰੇ ਹੋ ਜਾਣੇ ਹਨ ਅਤੇ ਸਿੱਖਾਂ ਨੂੰ ਹਾਲੇ ਤੱਕ ਜਮਹੂਰੀਅਤ ਹੱਕ ਨਹੀਂ ਮਿਲਿਆ। ਉਨ੍ਹਾਂ ਸਿੱਧੇ ਤੌਰ 'ਤੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਵਾ ਰਹੀ। 

ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਤੇ ਪੁਲਸ ਅਫ਼ਸਰ ਤੋਂ ਦੁਖ਼ੀ ਹੋ ਕੇ ਜ਼ਹਿਰੀਲੀ ਦਵਾਈ ਨਿਗਲਣ ਵਾਲੇ ਗਊਸ਼ਾਲਾ ਸੰਚਾਲਕ ਨੇ ਤੋੜਿਆ ਦਮ

ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਪਿਛਲੇ ਦਿਨੀਂ ਪਾਕਿਸਤਾਨ ਵਿਚ ਹਿੰਦੂ ਮੰਦਰ 'ਤੇ ਹਮਲਾ ਕੀਤਾ ਗਿਆ ਸੀ ਤਾਂ ਉਸ ਵੇਲੇ ਭਾਰਤ ਸਰਕਾਰ ਨੇ ਬਿਆਨ ਜਾਰੀ ਕੀਤਾ ਸੀ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਧਾਰਮਿਕ ਆਜ਼ਾਦੀ ਨਹੀਂ ਹੈ, ਜਿਸ 'ਤੇ ਮੈਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਭਾਰਤ ਵਿਚ ਖ਼ਾਸਕਰ ਪੰਜਾਬ ਵਿਚ ਘੱਟ ਗਿਣਤੀਆਂ ਨੂੰ ਧਰਮ ਦੀ ਆਜ਼ਾਦੀ ਹੈ। ਉਨ੍ਹਾਂ ਹੋਰ ਆਖਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਕਿ ਸਾਡੀ ਸਰਕਾਰ ਬਣਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਪਰ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਨੂੰ ਪੌਣੇ ਪੰਜ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਇਨਸਾਫ਼ ਨਹੀਂ ਮਿਲ ਸਕਿਆ। 

ਇਹ ਵੀ ਪੜ੍ਹੋ: ਕਪੂਰਥਲਾ ਵਿਖੇ ਅਣਪਛਾਤਿਆਂ ਵੱਲੋਂ ਜ਼ਿਲ੍ਹਾ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦੀ ਗੱਡੀ ’ਤੇ ਹਮਲਾ

ਇਸ ਮੌਕੇ ਦੋਆਬਾ ਜ਼ੋਨ ਦੇ ਇੰਚਾਰਜ ਜੱਥੇਦਾਰ ਰਜਿੰਦਰ ਸਿੰਘ ਫੌਜੀ, ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨਸਿੰਘ ਵਾਲਾ, ਜਥੇ ਨਰਿੰਦਰ ਸਿੰਘ ਖੁਸਰੋਪੁਰ ਜ਼ਿਲ੍ਹਾ ਪ੍ਰਧਾਨ, ਅਵਤਾਰ ਸਿੰਘ ਖੱਖ, ਮੇਜਰ ਸਿੰਘ, ਬੀਬੀ ਸੁਖਜੀਤ ਕੌਰ ਭਬਿਆਣਾ, ਬੀਬੀ ਚਰਨਜੀਤ ਕੌਰ ਭਬਿਆਣਾ, ਨਿਮਰਤ ਕੌਰ, ਜੈਸਮੀਨ ਕੌਰ, ਸੁਰਜੀਤ ਸਿੰਘ ਟੋਨੀ ਬੇਗੋਵਾਲ, ਪ੍ਰਭਜੋਤ ਸਿੰਘ ਸਿੱਧੂ, ਰੇਸ਼ਮ ਸਿੰਘ ਪੱਪੀ ਸ਼ਹਿਰੀ ਪ੍ਰਧਾਨ ਫਗਵਾੜਾ, ਮਨਪ੍ਰੀਤ ਕੌਰ, ਸਿਮਨ ਕੌਰ, ਅਮਰਜੀਤ ਸਿੰਘ ਚਹੇੜੂ, ਬਲਵਿੰਦਰ ਸਿੰਘ ਬਿੰਦਾ, ਮੇਜਰ ਸਿੰਘ ਮੁਗਲਚੱਕ, ਗੁਰਮੀਤ ਸਿੰਘ ਕਾਹਲੋਂ, ਰਾਜਵਿੰਦਰ ਸਿੰਘ, ਭੁਪਿੰਦਰ ਸਿੰਘ ਅਲਾਵਲਪੁਰ, ਨਰਿੰਦਰ ਸੈਣੀ, ਗਿਆਨ ਸਿੰਘ ਕੁਲਥਮ, ਡਾਕਟਰ ਪਰਮਜੀਤ ਸਿੰਘ ਬਜਾਜ, ਗੁਰਮੀਤ ਸਿੰਘ, ਸੁਖਜਿੰਦਰ ਸਿੰਘ ਭਗਵਾਨਪੁਰ, ਗੁਰਦੀਪ ਸਿੰਘ ਭੁਲੱਥ, ਗੁਰਮੇਲ ਸਿੰਘ ਖੱਸਣ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ ’ਚ ਨਕੋਦਰ ਚੌਂਕ ਨੇੜੇ ਕੋਰੋਨਾ ਟੈਸਟਿੰਗ ਟੀਮ ’ਤੇ ਹਮਲਾ, ਡਾਕਟਰਾਂ ਨੂੰ ਦੌੜਾ-ਦੌੜਾ ਕੁੱਟਿਆ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri