ਬੈਂਸ ਨੇ 120 ਹੋਰ ਨਸ਼ਾ ਸਮੱਗਲਰਾਂ ਦੀ ਸੂਚੀ ਮੁੱਖ ਮੰਤਰੀ ਕੈਪਟਨ ਨੂੰ ਦਿੱਤੀ

07/18/2018 5:17:39 AM

ਲੁਧਿਆਣਾ(ਪਾਲੀ)-ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਸੂਬੇ ਭਰ ਦੇ 120 ਨਸ਼ਾ ਸਮੱਗਲਰਾਂ ਦੀ ਸੂਚੀ ਕੈਪਟਨ ਅਮਰਿੰਦਰ ਸਿੰਘ ਅਤੇ ਐੱਸ.ਟੀ.ਐੱਫ. ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ। ਇਸ ਤੋਂ ਪਹਿਲਾਂ 187 ਨਸ਼ਾ ਸਮੱਗਲਰਾਂ ਦੀ ਸੂਚੀ ਬੈਂਸ ਮੁੱਖ ਮੰਤਰੀ ਅਤੇ ਐੱਸ.ਟੀ.ਐੱਫ. ਮੁਖੀ ਨੂੰ ਦੇ ਚੁੱਕੇ ਹਨ। ਚੰਡੀਗਡ਼੍ਹ ਰਵਾਨਾ ਹੋਣ ਸਮੇਂ ਵਿਧਾਇਕ ਬੈਂਸ ਨੇ ਦੱਸਿਆ ਕਿ ਅੱਜ ਸੂਬੇ ਭਰ ਦੇ ਲੋਕ ਹੀ ਨਸ਼ਾ ਸਮੱਗਲਰਾਂ ਦਾ ਕੁਟਾਪਾ ਕਰਨ ਲੱਗ ਪਏ ਹਨ ਪਰ ਸਰਕਾਰ ਅਜੇ ਕਾਰਵਾਈ ਕਰਨ ਲਈ ਸਲਾਹਾਂ ਕਰ ਰਹੀ ਹੈ। ਇਸ ਮੌਕੇ ਵਿਧਾਇਕ ਬੈਂਸ ਨੇ ਦੱਸਿਆ ਕਿ ਸੂਬੇ ਭਰ ਵਿਚ ਨਸ਼ਾ (ਚਿੱਟਾ) ਵੇਚਣ ਵਾਲਿਆਂ ਖਿਲਾਫ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੂਬੇ ਦੇ ਲੋਕਾਂ ਦੇ ਸਹਿਯੋਗ ਨਾਲ ‘ਨਸ਼ੇ ਖਿਲਾਫ ਪੰਜਾਬ’ ਨਾਮਕ ਇਕ ਮੁਹਿੰਮ ਚਲਾਈ ਗਈ ਹੈ ਜਿਸ ਦਾ ਮੁੱਖ ਮਕਸਦ ਸੂਬੇ ਵਿਚੋਂ ਨਸ਼ੇ ਦਾ ਖਾਤਮਾ ਕਰਨਾ ਹੈ। ਚਲਾਈ ਗਈ ਮੁਹਿੰਮ ਦੀ ਬ੍ਰਾਂਡ ਅੰਬੈਸਡਰ ਲੁਧਿਆਣਾ ਦੀ ਉਸ ਲਡ਼ਕੀ ਹਰਵਿੰਦਰ ਕੌਰ ਡੌਲੀ ਨੂੰ ਬਣਾਇਆ ਗਿਆ ਹੈ, ਜੋ ਪਹਿਲਾਂ ਖੁਦ ਨਸ਼ੇ ਦੀ ਗ੍ਰਿਫਤ ਵਿਚ ਸੀ ਅਤੇ ਉਸ ਨੇ ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾਇਆ ਸੀ। ਇਲਾਜ ਤੋਂ ਬਾਅਦ ਹਰਵਿੰਦਰ ਕੌਰ ਡੌਲੀ ਬਿਲਕੁਲ ਤੰਦਰੁਸਤ ਹੈ ਅਤੇ ਹੁਣ ਉਹ ਆਪਣੀ ਦਵਾਈ ਵੀ ਬੰਦ ਕਰ ਚੁੱਕੀ ਹੈ। ਡੌਲੀ ਜਿਥੇ ਸੂਬੇ ਭਰ ਵਿਚ ਸ਼ਹਿਰਾਂ ਦੇ ਨਾਲ-ਨਾਲ ਹਰ ਪਿੰਡ ਵਿਚ ਜਾ ਕੇ ਲੋਕਾਂ ਨੂੰ ਨਸ਼ੇ ਵਿਰੁੱਧ ਲਾਮਬੰਦ ਕਰ ਰਹੀ ਹੈ, ਉਥੇ ਉਹ ਲਡ਼ਕੇ ਤੇ ਲਡ਼ਕੀਆਂ ਨਾਲ ਵੀ ਗੱਲਬਾਤ ਕਰ ਰਹੀ ਹੈ ਜੋ ਇਸ ਦਲਦਲ ਵਿਚ ਫਸ ਚੁੱਕੇ ਹਨ। ਉਨ੍ਹਾਂÎ ਦੱÎਸਿਆ ਕਿ 29 ਜੂਨ ਨੂੰ ਸ਼ਾਮ 4 ਵਜੇ ਸ਼ੁਰੂ ਕੀਤੀ ਗਈ ਹੈਲਪਲਾਈਨ ਨੰਬਰ 93735-93734 ’ਤੇ ਹੁਣ ਤੱਕ ਕਰੀਬ 8000 ਤੋਂ ਉੱਪਰ ਕਾਲਜ਼ ਆ ਚੁੱਕੀਆਂ ਹਨ, ਵਟਸਐਪ ’ਤੇ 8000 ਮੈਸੇਜ ਆ ਚੁੱਕੇ ਹਨ। ਹੁਣ ਤੱਕ ਹੈਲਪਲਾਈਨ ਨੰਬਰ ’ਤੇ ਆਈਆਂ ਕਾਲਾਂ, ਵੀਡੀਓ ਅਤੇ ਆਡੀਓ ਨੂੰ ਰਿਕਾਰਡ ਕਰ ਕੇ ਰੱਖਿਆ ਜਾ ਰਿਹਾ ਹੈ । ਵਿਧਾਇਕ ਬੈਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਨਸ਼ਾ ਸਮੱਗਲਰਾਂ ਦੇ ਖਿਲਾਫ ਚੱਲ ਰਹੀ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਨਸ਼ਾਗ੍ਰਸਤ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਵੀ ਕਰਵਾਇਆ  ਜਾ ਰਿਹਾ ਹੈ ਅਤੇ ਜਿਹਡ਼ੇ ਨੌਜਵਾਨ ਨਸ਼ਾ ਛੱਡਣਾ ਚਾਹੁਣਗੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਦਾਖਲ ਕਰਵਾਇਆ ਜਾਵੇਗਾ।