ਕੇਜਰੀਵਾਲ ਦੀਆਂ ਤਾਨਾਸ਼ਾਹੀ ਨੀਤੀਆਂ ਕਾਰਨ ਖੇਰੂੰ-ਖੇਰੂੰ ਹੋਈ ''ਆਪ'' : ਸਿਮਰਜੀਤ ਬੈਂਸ

01/12/2019 1:27:45 PM

ਹੁਸ਼ਿਆਰਪੁਰ (ਘੁੰਮਣ)— ਅਰਵਿੰਦ ਕੇਜਰੀਵਾਲ ਦੀ ਅਸਲੀਅਤ ਪੰਜਾਬ ਦੇ ਲੋਕਾਂ ਸਾਹਮਣੇ ਜ਼ਾਹਰ ਹੋ ਚੁੱਕੀ ਹੈ, ਜਿਸ ਦੀਆਂ ਤਾਨਾਸ਼ਾਹੀ ਨੀਤੀਆਂ ਕਾਰਨ 'ਆਪ' ਖੇਰੂੰ-ਖੇਰੂੰ ਹੋ ਚੁੱਕੀ ਹੈ। ਇਹ ਵਿਚਾਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਰਦੇਵ ਸਿੰਘ ਕੌਂਸਲ ਪੰਜਾਬ ਪ੍ਰਧਾਨ ਬੀ. ਸੀ. ਵਿੰਗ ਦੇ ਗ੍ਰਹਿ ਜਹਾਨ-ਖੇਲਾਂ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਹਾਲਤ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਬੈਂਸ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਜਿੱਥੇ ਸੀਨੀਅਰ ਅਤੇ ਟਕਸਾਲੀ ਅਕਾਲੀ ਆਗੂਆਂ ਨੂੰ ਬਾਹਰ ਕੱਢ ਕੇ ਆਪਣੀ ਦੀਵਾਲੀਆ ਸੋਚ ਨੂੰ ਜ਼ਾਹਰ ਕੀਤਾ ਹੈ, ਉੱਥੇ ਹੀ ਅਕਾਲੀ ਦਲ (ਟਕਸਾਲੀ) ਬਣਾਉਣ ਵਾਲੇ ਅਜਿਹੀ ਪਾਰਟੀ ਦੇ ਆਗੂ ਨਾਲ ਸਾਂਝ ਪਾਉਣ ਲਈ ਉਤਾਵਲੇ ਹਨ, ਜਿਹੜਾ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਿੱਢੇ ਸੰਘਰਸ਼ ਮੌਕੇ ਸ਼ਰਾਬੀ ਪੀ ਕੇ ਜਾਣ ਕਾਰਨ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਚੁੱਕਾ ਹੈ। 

ਸੁਖਪਾਲ ਖਹਿਰਾ ਵੱਲੋਂ ਨਵੀਂ ਪਾਰਟੀ ਬਣਾਉਣ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਖਹਿਰਾ ਦੀ 'ਪੰਜਾਬੀ ਏਕਤਾ ਪਾਰਟੀ' ਦਾ ਸਵਾਗਤ ਕਰਦੇ ਹਨ। ਚੋਣ ਗਠਜੋੜ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਬਾਦਲ ਦਲ ਅਤੇ ਕਾਂਗਰਸ ਨੂੰ ਛੱਡ ਕੇ ਅਸੀਂ ਕਿਸੇ ਨਾਲ ਵੀ ਮਿਲ ਕੇ ਚੱਲਣ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਖਹਿਰਾ, ਬਸਪਾ, ਡਾ. ਧਰਮਵੀਰ ਗਾਂਧੀ ਦੇ ਪੰਜਾਬ ਬਚਾਓ ਮੋਰਚਾ ਅਤੇ ਹੋਰਨਾਂ ਧਿਰਾਂ ਨਾਲ ਮਿਲ ਕੇ 'ਪੰਜਾਬ ਡੈਮੋਕਰੇਟਿਕ ਫਰੰਟ' ਦੇ ਝੰਡੇ ਹੇਠ ਚੋਣ ਗਠਜੋੜ ਕੀਤਾ ਜਾਵੇਗਾ। ਲੋਕ ਇਨਸਾਫ ਪਾਰਟੀ ਇਸ ਦਿਸ਼ਾ 'ਚ ਆਪਣੇ ਕਦਮ ਅੱਗੇ ਵਧਾ ਚੁੱਕੀ ਹੈ। ਇਸ ਮੌਕੇ ਬੀ. ਸੀ. ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਕੌਂਸਲ ਅਤੇ ਜ਼ਿਲਾ ਪ੍ਰਧਾਨ ਜਗਮਿੰਦਰ ਸਿੰਘ ਰਾਮਗੜ੍ਹ, ਜਸਵਿੰਦਰ ਸਿੰਘ ਖਾਲਸਾ ਜਨਰਲ ਸਕੱਤਰ ਪੰਜਾਬ, ਅਰਜਨ ਸਿੰਘ ਚੀਮਾ ਮੀਤ ਪ੍ਰਧਾਨ ਪੰਜਾਬ ਵੀ ਹਾਜ਼ਰ ਸਨ।

shivani attri

This news is Content Editor shivani attri