ਸੰਘ ਪਰਿਵਾਰ ਇਸਲਾਮਿਕ ਸਟੇਟ ਵਰਗਾ, ਕਰਨਾ ਚਾਹੁੰਦੈ ਦੇਸ਼ ਦੇ ਟੁਕੜੇ

11/16/2017 7:28:59 AM

ਜਲੰਧਰ (ਚਾਵਲਾ) - ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਆਗੂਆਂ ਨੇ ਆਰ. ਐੱਸ. ਐੱਸ. ਦੀਆਂ ਸਰਗਰਮੀਆਂ ਨੂੰ ਪੰਥ ਲਈ ਚੈਲੇਂਜ ਦੱਸਦਿਆਂ ਕਿਹਾ ਕਿ ਆਰ. ਐੱਸ. ਐੱਸ. ਇਸਲਾਮਿਕ ਸਟੇਟ ਵਾਂਗ ਖਤਰਨਾਕ ਹੈ ਜੋ ਸਿੱਖੀ ਦੇ ਮਹੱਲ ਨੂੰ ਘੁਣ ਵਾਂਗ ਖਾ ਰਿਹਾ ਹੈ ਤੇ ਗਊ ਹੱਤਿਆ ਦੇ ਨਾਂ 'ਤੇ ਮੁਸਲਮਾਨਾਂ ਤੇ ਦਲਿਤਾਂ 'ਤੇ ਅੱਤਿਆਚਾਰ ਕਰ ਰਿਹਾ ਹੈ ਅਤੇ ਰਾਸ਼ਟਰੀ ਸਿੱਖ ਸੰਗਤ ਜਾਣ-ਬੁੱਝ ਕੇ ਸੰਘ ਪਰਿਵਾਰ ਵਲੋਂ ਸਿੱਖ ਇਤਿਹਾਸ ਬਦਲਣ, ਗੁਰਬਾਣੀ 'ਚ ਤਬਦੀਲੀਆਂ ਕਰਨ ਤੇ ਗੁਰਬਾਣੀ ਦੀ ਵਿਆਖਿਆ ਸਨਾਤਨੀ ਢੰਗ ਨਾਲ ਕਰਨ ਲਈ ਬਣਾਈ ਗਈ ਹੈ ਜੋ ਬੇਵਜ੍ਹਾ ਸਿੱਖ ਧਰਮ ਵਿਚ ਦਖਲਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਸੰਘ ਪਰਿਵਾਰ ਤੇ ਭਗਵੇਂਵਾਦੀ ਧਿਰਾਂ ਨੂੰ ਨਾ ਰੋਕਿਆ ਤਾਂ ਦੇਸ਼ ਖਾਨਾਜੰਗੀ ਕਾਰਨ ਕਈ ਟੁਕੜਿਆਂ 'ਚ ਵੰਡ ਜਾਵੇਗਾ। ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ਅਤੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਇਸ ਲਈ ਸਾਨੂੰ ਸੰਘ ਪਰਿਵਾਰ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਬਾਰੇ ਜਥੇਦਾਰਾਂ ਨੇ ਜੋ ਫੈਸਲਾ ਲਿਆ ਹੈ ਉਹ ਆਰ. ਐੱਸ. ਐੱਸ. ਦੇ ਪ੍ਰਭਾਵ ਹੇਠ ਵਾਲਾ ਹੈ। ਜਦਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਪ੍ਰਕਾਸ਼ ਪੁਰਬ ਮਨਾਇਆ ਜਾਣਾ ਚਾਹੀਦਾ ਹੈ ਪਰ ਇਨ੍ਹਾਂ ਜਥੇਦਾਰਾਂ ਨੇ ਬਿੱਕਰਮੀ ਕੈਲੰਡਰ ਅਨੁਸਾਰ 25 ਦਸੰਬਰ ਦਾ ਐਲਾਨ ਕਰਕੇ ਪੰਥ 'ਚ ਦੁਬਿਧਾ ਖੜ੍ਹੀ ਕਰ ਦਿੱਤੀ ਹੈ  ਕਿਉਂਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਇਸੇ ਹਫਤੇ ਹੀ ਮਨਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਸਾਲ 2017 'ਚ 2 ਪ੍ਰਕਾਸ਼ ਪੁਰਬ ਮਨਾਏ ਜਾਣਗੇ ਪਰ 2018 'ਚ ਪ੍ਰਕਾਸ਼ ਪੁਰਬ ਨਹੀਂ ਆਵੇਗਾ।
ਉਨ੍ਹਾਂ ਕਿਹਾ ਕਿ ਹਰੇਕ ਧਰਮ ਦਾ ਆਪਣਾ ਕੈਲੰਡਰ ਹੈ ਪਰ ਸਿੱਖਾਂ ਦੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦੀ ਸਾਜ਼ਿਸ਼ ਆਰ. ਐੱਸ. ਐੱਸ. ਵਲੋਂ ਰਚੀ ਗਈ ਸੀ ਜਿਸ ਦਾ ਸਾਥ ਸਿੰਘ ਸਾਹਿਬਾਨ ਨੇ ਦੇ ਕੇ ਸਿੱਖ ਕੌਮ ਨੂੰ ਦੋ ਧਿਰਾਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਮਦਮੀ ਟਕਸਾਲ ਅਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਛਿੜੇ ਵਿਵਾਦ 'ਤੇ ਗੱਲ ਕਰਦਿਆਂ ਕਿਹਾ ਕਿ ਇਹ ਪੰਥਕ ਹਿੱਤਾਂ ਲਈ ਖਤਰਨਾਕ ਹੈ ਤੇ ਦੋਹਾਂ ਧਿਰਾਂ ਨੂੰ ਆਪਸ 'ਚ ਮਿਲ ਬੈਠ ਕੇ ਮਸਲੇ ਸੁਲਝਾਉਣੇ ਚਾਹੀਦੇ ਹਨ ਇਸ ਮੌਕੇ ਸੁਰਿੰਦਰਪਾਲ ਸਿੰਘ ਗੋਲਡੀ, ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਹਰਭਜਨ ਸਿੰਘ ਦਹੀਆ ਯੂ. ਕੇ., ਜਰਨੈਲ ਸਿੰਘ ਬੁੱਟਰ, ਕਮਲਚਰਨਜੀਤ ਸਿੰਘ ਹੈਪੀ, ਮਹਿੰਦਰ ਸਿੰਘ ਚਮਕ, ਹਰਦੇਵ ਸਿੰਘ ਗਰਚਾ, ਹਰਭਜਨ ਸਿੰਘ ਬੈਂਸ, ਸੰਦੀਪ ਸਿੰਘ ਚਾਵਲਾ ਆਦਿ ਹਾਜ਼ਰ ਸਨ।