ਮਹਿੰਗਾਈ ਲਈ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ : ਮਲੂਕਾ (ਵੀਡੀਓ)

06/25/2018 5:40:57 PM

ਬਠਿੰਡਾ : ਮਹਿੰਗਾਈ ਦੇ ਮੁੱਦੇ 'ਤੇ ਅਕਾਲੀ ਆਗੂਆਂ ਦੇ ਸੁਰ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਬਠਿੰਡਾ ਵਿਖੇ ਇਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਪੁੱਜੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਕਿੰਦਰ ਸਿੰਘ ਮਲੂਕਾ ਨੇ ਮਹਿੰਗਾਈ ਅਤੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਮਲੂਕਾ ਨੇ ਕਿਹਾ ਕਿ ਅਕਾਲੀ ਦਲ ਮਹਿੰਗਾਈ, ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਅਤੇ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਵਿਗੜੀ ਸਥਿਤੀ ਨੂੰ ਲੈ ਕੇ ਧਰਨਾ ਦੇਣ ਜਾ ਰਿਹਾ ਹੈ। 
ਮਲੂਕਾ ਨੇ ਕਿਹਾ ਕਿ ਅੱਜ ਪੈਟਰੋਲ-ਡੀਜ਼ਲ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ, ਇਸ ਲਈ ਕੇਂਦਰ ਅਤੇ ਸੂਬਾ ਦੋਵੇਂ ਸਰਕਾਰਾਂ ਜ਼ਿੰਮੇਵਾਰ ਹਨ। ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲ ਕਰਦੇ ਹੋਏ ਆਪਣੇ ਵਲੋਂ ਪੈਟਰੋਲ 'ਤੇ ਲਗਾਇਆ ਜਾਂਦਾ ਵੈਟ ਘਟਾਉਣਾ ਚਾਹੀਦਾ ਹੈ। ਮਲੂਕਾ ਨੇ ਕਿਹਾ ਕਿ ਪੰਜਾਬ ਵਿਚ ਰੇਤ ਤੇ ਜੰਗਲ ਮਾਫੀਆ ਦੀ ਤਾਕਤ ਬਹੁਤ ਵੱਧ ਗਈ ਹੈ। ਜੰਗਲ ਮਾਫੀਆ ਅਧਿਕਾਰੀਆਂ 'ਤੇ ਜਾਨਲੇਵਾ ਹਮਲਾ ਕਰਦਾ ਹੈ, ਰੇਤ ਮਾਫੀਆ ਵਿਧਾਇਕਾਂ ਦੀ ਕੁੱਟਮਾਰ ਕਰਕੇ ਪੱਗਾਂ ਉਤਾਰ ਦਿੰਦਾ ਹੈ। ਪੈਟਰੋਲ ਪੰਪ 'ਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਜਿਸ ਨੂੰ ਦੇਖ ਕੇ ਇਹੋ ਲੱਗਦਾ ਹੈ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਇੰਨ੍ਹਾਂ ਸਾਰੇ ਮੁੱਦਿਆਂ 'ਤੇ ਮੰਗਲਵਾਰ ਨੂੰ ਅਕਾਲੀ ਵਫਦ ਵਲੋਂ ਡੀ. ਸੀ. ਰਾਹੀਂ ਮੁੱਖ ਮੰਤਰੀ ਨੂੰ ਮੈਮੋਰੰਡਮ ਭੇਜਿਆ ਜਾਵੇਗਾ।