ਸਿੱਧੂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਦੀ ਰਾਖੀ ਕਰਦੇ ਸਾਡੇ ਫੌਜੀਆਂ ਦਾ ਵਾਰ-ਵਾਰ ਕਰ ਰਹੇ ਅਪਮਾਨ : ਬਾਦਲ

11/20/2021 11:18:47 PM

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲਗਾਤਾਰ ਵਡਿਆਈ ਕਰ ਕੇ ਪਾਕਿਸਤਾਨ ਨਾਲ ਲੱਗਦੀਆਂ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਸਾਡੇ ਬਹਾਦਰ ਫੌਜੀਆਂ ਦਾ ਵਾਰ-ਵਾਰ ਅਪਮਾਨ ਕਰ ਰਹੇ ਹਨ ਤੇ ਨਾਲ ਹੀ ਉਨ੍ਹਾਂ ਨਾਗਰਿਕਾਂ ਦਾ ਵੀ ਅਪਮਾਨ ਕਰ ਰਹੇ ਹਨ, ਜੋ ਪਾਕਿਸਤਾਨ ਦੀ ਆਈ. ਐੱਸ. ਆਈ. ਦੀ ਨਸ਼ਿਆਂ ਦੇ ਅੱਤਵਾਦ ਦੀਆਂ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿੱਧੂ ਨੇ ਇਮਰਾਨ ਖਾਨ, ਜਿਸ ਨੂੰ ਪਾਕਿਸਤਾਨੀ ਫੌਜ ਨੇ ਰਾਜਸੱਤਾ ’ਤੇ ਬਿਠਾਇਆ ਤੇ ਜੋ ਆਈ. ਐੱਸ. ਆਈ. ਦਾ ਏਜੰਟ ਹੈ, ਨੂੰ ਵੱਡਾ ਭਰਾ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ, ਜਦੋਂ ਆਈ. ਐੱਸ. ਆਈ. ਨਾਲ ਘੁਲ-ਮਿਲ ਰਹੇ ਹਨ। ਇਸ ਤੋਂ ਪਹਿਲਾਂ ਵੀ ਆਪਣੇ ਪਾਕਿਸਤਾਨ ਦੌਰੇ ਵੇਲੇ ਉਨ੍ਹਾਂ ਦੇ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਈ ਸੀ, ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਬਾਜਵਾ ਹੀ ਕਸ਼ਮੀਰ ’ਚ ਭਾਰਤ ਖਿਲਾਫ ਅਸਿੱਧੀ ਜੰਗ ਚਲਾ ਰਿਹਾ, ਜਿਸ ’ਚ ਸੈਂਕੜੇ ਪੰਜਾਬੀ ਫੌਜੀ ਹੁਣ ਤੱਕ ਸ਼ਹੀਦ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਲਈ ਕਾਂਗਰਸ ਦਾ ਏਜੰਟ ਹੈ ਨਵਜੋਤ ਸਿੱਧੂ : ਤਰੁਣ ਚੁੱਘ

ਉਨ੍ਹਾਂ ਕਿਹਾ ਕਿ ਹੁਣ ਸਿੱਧੂ ਇਕ ਵਾਰ ਫਿਰ ਤੋਂ ਦੋ ਕਦਮ ਅੱਗੇ ਜਾ ਕੇ ਇਮਰਾਨ ਖਾਨ ਦੀ ਵਡਿਆਈ ਕਰ ਰਹੇ ਹਨ, ਜਿਸ ਦੀ ਸਰਕਾਰ ਪੰਜਾਬ ’ਚ ਬੇਚੈਨੀ ਫੈਲਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਅਤੇ ਇਹ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਖ਼ਤਰਾ ਬਣਦੀਆਂ ਹੋਣ। ਸੁਖਬੀਰ ਬਾਦਲ ਨੇ ਗਾਂਧੀ ਪਰਿਵਾਰ ਤੋਂ ਵੀ ਸਿੱਧੂ ਦੀਆਂ ਕਾਰਵਾਈਆਂ ਬਾਰੇ ਸਪੱਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਸਿੱਧੂ ਦੀ ਡਟਵੀਂ ਹਮਾਇਤ ਕੀਤੀ ਹੈ ਤੇ ਉਸ ਨੂੰ ਤਰੱਕੀ ਦੇ ਕੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਸਪੱਸ਼ਟ ਕਰਨ ਕਿ ਸਿੱਧੂ ਦੇ ਬਿਆਨ ਉਸ ਦੇ ਆਪਣੇ ਹਨ ਜਾਂ ਫਿਰ ਉਹ ਗਾਂਧੀ ਪਰਿਵਾਰ ਵੱਲੋਂ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਜਾਣਨਾ ਚਾਹੁੰਦੇ ਹਨ ਕਿ ਕੀ ਗਾਂਧੀ ਪਰਿਵਾਰ, ਜਿਸ ਨੇ ਪਹਿਲਾਂ ਸੂਬੇ ’ਚ ਅੱਤਵਾਦ ਦੇ ਬੀਜ ਬੀਜੇ ਤੇ ਜੋ ਸ੍ਰੀ ਹਰਿਮੰਦਿਰ ਸਾਹਿਬ ’ਤੇ ਹਮਲਾ ਕਰਨ ਤੇ 1984 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ, ਫਿਰ ਤੋਂ ਸੂਬੇ ’ਚ ਗੜਬੜ ਕਰਵਾਉਣਾ ਚਾਹੁੰਦਾ ਹੈ। ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਸਤੇ ਅਜਿਹੀਆਂ ਨਫ਼ਰਤ ਭਰੀਆਂ ਸਾਜ਼ਿਸ਼ਾਂ ਖ਼ਿਲਾਫ ਡਟ ਕੇ ਖੜ੍ਹਾ ਹੈ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੀ ਜਿੱਤ ’ਤੇ ’ਆਪ’ ਨੇ ਸੂਬੇ ਭਰ ’ਚ ਸ਼ੁਕਰਾਨੇ ਵਜੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਕਰਵਾਏ ਪਾਠ

ਉਨ੍ਹਾਂ ਕਿਹਾ ਕਿ ਅਸੀਂ ਬਾਹਰੀ ਤੱਤਾਂ ਨੂੰ ਕਿਸੇ ਵੀ ਕੀਮਤ ’ਤੇ ਸੂਬੇ ਵਿਚ ਗੜਬੜ ਨਹੀਂ ਕਰਨ ਦੇ ਸਕਦੇ ਤੇ ਉਨ੍ਹਾਂ ਨੇ ਪੰਜਾਬੀਆਂ ਨੂੰ ਦੇਸ਼ ਵਿਰੋਧੀ ਤਾਕਤਾਂ ਨੂੰ ਝਾੜ ਪਾਉਣ ਦੀ ਵੀ ਅਪੀਲ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਨੂੰ ਆਖਿਆ ਕਿ ਉਹ ਪਾਕਿਸਤਾਨ ਨਾਲ ਲੱਗਦੀ ਦੇਸ਼ ਦੀ ਸਰਹੱਦ ਦੀ ਰਾਖੀ ਕਰਦੇ ਮਾਣਮੱਤੇ ਪੰਜਾਬ ਦੇ ਫੌਜੀਆਂ ਤੋਂ ਅਤੇ ਪੰਜਾਬ ’ਚ ਨਸ਼ੇ ਫੈਲਾਉਣ ਦੀ ਆਈ. ਐੱਸ. ਆਈ. ਦੀ ਨੀਤੀ ਦਾ ਸ਼ਿਕਾਰ ਹੋਣ ਵਾਲੇ ਪੰਜਾਬੀਆਂ, ਜਿਨ੍ਹਾਂ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ, ਤੋਂ ਮੁਆਫੀ ਮੰਗੇ। ਉਨ੍ਹਾਂ ਕਿਹਾ ਕਿ ਦੇਸ਼ ਇਨ੍ਹਾਂ ਸਭ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਵੀ ਸਾਨੂੰ ਕਮਜ਼ੋਰ ਨਹੀਂ ਕਰਨ ਦੇ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਤੁਰੰਤ ਆਪਣੇ ਆਪ ਨੂੰ ਨਵਜੋਤ ਸਿੱਧੂ ਦੀਆਂ ਟਿੱਪਣੀਆਂ ਤੋਂ ਵੱਖ ਕਰਨਾ ਚਾਹੀਦਾ ਹੈ। 

Manoj

This news is Content Editor Manoj