ਪੁਲਵਾਮਾ ਹਮਲੇ ਸਬੰਧੀ ਦਿੱਤੇ ਬਿਆਨ 'ਤੇ ਅੱਜ ਵੀ ਕਾਇਮ ਹਾਂ : ਸਿੱਧੂ

02/18/2019 8:18:59 AM

ਗੁਰਦਾਸਪੁਰ— ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਕੀਤਾ ਕਿ ਉਹ ਪੁਲਵਾਮਾ ਅੱਤਵਾਦੀ ਹਮਲੇ ਸਬੰਧੀ ਦਿੱਤੇ ਆਪਣੇ ਬਿਆਨ 'ਤੇ ਅੱਜ ਵੀ ਕਾਇਮ ਹਨ।ਜਿਨ੍ਹਾਂ ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ, ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਸ ਘਟਨਾ ਕਾਰਨ ਕਿਸੇ ਨਿਰਦੋਸ਼ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ।ਸਿੱਧੂ ਨੇ ਕਿਹਾ ਕਿ ਦੋ-ਚਾਰ ਲੋਕਾਂ ਦੀ ਸ਼ਰਮਨਾਕ ਕਰਤੂਤ ਕਾਰਨ ਪੂਰੀ ਕੌਮ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ।

ਜਦ ਸਿੱਧੂ ਨੂੰ ਕਿਹਾ ਗਿਆ ਕਿ ਸਾਰਾ ਵਿਸ਼ਵ ਜਾਣਦਾ ਹੈ ਕਿ ਅੱਤਵਾਦੀਆਂ ਨੂੰ ਪੈਸੇ ਤੇ ਹਥਿਆਰ ਪਾਕਿਸਤਾਨ ਤੋਂ ਮਿਲਦੇ ਹਨ ਤਾਂ ਫਿਰ ਪਾਕਿਸਤਾਨ ਇਨ੍ਹਾਂ ਘਟਨਾਵਾਂ ਦੇ ਲਈ ਦੋਸ਼ੀ ਕਿਉਂ ਨਹੀਂ ਹੈ ਤਾਂ ਸਿੱਧੂ ਨੇ ਆਪਣੇ ਹੀ ਅੰਦਾਜ਼ 'ਚ ਕਿਹਾ ਕਿ ਜਾਓ ਫਿਰ ਪਾਕਿਸਤਾਨ ਨਾਲ ਯੁੱਧ ਲੜੋ।ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਗਲਤੀ ਦੀ ਸਜ਼ਾ ਕਿਸੇ ਵੀ ਪੂਰੀ ਕੌਮ ਨੂੰ ਨਹੀਂ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੁਲਵਾਮਾ ਘਟਨਾ ਬਹੁਤ ਹੀ ਦੁੱਖਦ ਘਟਨਾ ਹੈ ਅਤੇ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ।ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਜੋ ਲੋਕ ਮੇਰਾ ਵਿਰੋਧ ਕਰ ਰਹੇ ਹਨ ਜਾਂ ਮੇਰੇ ਪੋਸਟਰ ਪਾੜ ਰਹੇ ਹਨ ਉਨ੍ਹਾਂ ਕੋਲ ਹੈ ਹੀ ਕੀ? ਇਹ ਨੇਤਾ ਲੋਕਾਂ ਦੇ ਨੇਤਾ ਨਹੀਂ ਸਗੋਂ ਸ਼ਰਾਰਤ ਕਰਕੇ ਹਾਲਾਤ ਖਰਾਬ ਕਰਨ ਵਾਲੇ ਨੇਤਾ ਹਨ, ਇਨ੍ਹਾਂ ਨੂੰ ਜ਼ਿਆਦਾ ਮਹੱਤਵ ਦੇਣਾ ਠੀਕ ਨਹੀਂ ਹੈ।