ਮਾਨਸਾ ''ਚ ਸਿੱਧੂ ਮੂਸੇਵਾਲਾ ਖਿਲਾਫ ਰੋਸ ਪ੍ਰਦਰਸ਼ਨ

09/20/2019 9:00:19 PM

ਮਾਨਸਾ,(ਸੰਦੀਪ ਮਿੱਤਲ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਮਾਨਸਾ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਆ ਰਹੀ ਫਿਲਮ ਅੜਬ ਜੱਟੀਏ 'ਚ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਚ ਮਾਈ ਭਾਗੋ ਦੇ ਨਾਂਅ ਦੀ ਦੁਰਵਰਤੋ ਕਰਨ ਦੇ ਵਿਰੋਧ 'ਚ ਮੂਸੇਵਾਲਾ ਦੀ ਰਿਹਾਇਸ਼ ਜ਼ਿਲਾ ਮਾਨਸਾ ਦੇ ਪਿੰਡ ਮੂਸਾ ਅੱਗੇ ਰੋਸ ਪ੍ਰਦਸ਼ਰਨ ਕਰਕੇ ਉਸ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ 'ਚ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਇਸ ਗੀਤ 'ਚ ਸਿੱਖ ਜਰਨੈਲ ਬੀਬੀ ਮਾਤਾ ਭਾਗੋ ਕੌਰ ਦੇ ਨਾਂਅ ਦੀ ਦੁਰਵਰਤੋਂ ਕਰਨ, ਅਪਮਾਨਿਤ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਸਿੱਖੀ ਭਾਵਨਾ ਨੂੰ ਠੇਸ ਪਹੁੰਚਾਉਣ ਸਬੰਧੀ ਕਾਨੂੰਨੀ ਕਾਰਵਾਈ ਕਰਨ ਹਿੱਤ ਜ਼ਿਲਾ ਮਾਨਸਾ ਦੀ ਥਾਣਾ ਸਦਰ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੁਖਚੈਨ ਸਿੰਘ ਅਤਲਾ ਤੇ ਗਿਆਨੀ ਹਰਜਿੰਦਰ ਸਿੰਘ ਵੱਲੋਂ ਉਸ ਵਿਰੁੱਧ ਬਣਦੀ ਕਾਰਵਾਈ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸੁਖਚੈਨ ਸਿੰਘ ਅਤਲਾ, ਜੋਗਿੰਦਰ ਸਿੰਘ ਬੋਹਾ, ਮੱਖਣ ਸਿੰਘ ਅਤਲਾ, ਹਰਵਿੰਦਰ ਸਿੰਘ ਢੈਪਈ, ਗਿਆਨੀ ਹਰਜਿੰਦਰ ਸਿੰਘ, ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ, ਲੱਖਾ ਸਿਧਾਣਾ ਆਦਿ ਨੇ ਦੱਸਿਆ ਕਿ ਹਾਲ ਹੀ 'ਚ ਇਕ ਫਿਲਮ 'ਅੜਬ ਮੁਟਿਆਰਾਂ' ਆ ਰਹੀ ਹੈ। ਜਿਸ 'ਚ ਸਿੱਧੂ ਮੂਸੇਵਾਲਾ ਦਾ ਗੀਤ 'ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ' ਆ ਰਿਹਾ ਹੈ। ਇਹ ਗੀਤ ਦਾ ਆਡੀਓ ਸਿੱਧੂ ਮੂਸੇਵਾਲਾ ਨੇ ਆਪਣੇ ਹੀ ਚੈਨਲ 'ਤੇ ਪਾ ਦਿੱਤਾ ਸੀ। ਫਿਲਹਾਲ ! ਇਹ ਗੀਤ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਹੈ। ਜਿਸ ਦਾ ਸਿੱਖਾਂ ਦੇ ਮਨਾਂ 'ਚ ਵਿਰੋਧ ਉਠ ਰਿਹਾ ਹੈ ਕਿਉਂਕਿ ਇਸ ਗੀਤ 'ਚ ਸਿੱਧੂ ਮੂਸੇਵਾਲੇ ਨੇ ਸਿੱਖ ਜਰਨੈਲ ਬੀਬੀ ਮਾਤਾ ਭਾਗੋ ਦੇ ਨਾਮ ਦੀ ਦੁਰਵਰਤੋਂ ਕਰਨ, ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨਾਮੀ ਗਾਇਕ ਵਲੋਂ ਅਜਿਹੀ ਹਰਕਤ ਕੀਤੇ ਜਾਣ ਨਾਲ ਸਿੱਖ ਧਰਮ ਨੂੰ ਡੂੰਘੀ ਸੱਟ ਲੱਗੀ ਹੈ। ਜਿਸ ਨੂੰ ਮੁੱਖ ਰੱਖਦਿਆਂ ਉਸ ਖਿਲਾਫ਼ ਤੁਰੰਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਤੇ ਇਸ ਗੀਤ ਉਪਰ ਤੁਰੰਤ ਰੋਕ ਲਗਾਈ ਜਾਵੇ ਨਹੀਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਅੱਜ ਕੱਲ ਪੰਜਾਬ ਤੇ ਪੰਜਾਬ ਤੋਂ ਰਹਿਣ ਵਾਲੇ ਲੋਕਾਂ ਦਾ ਹਰਮਨ ਪਿਆਰਾ ਬਣ ਚੁੱਕਾ ਹੈ। ਸਿੱਧੂ ਦੇ ਸੰਗੀਤੀ ਖੇਤਰ ਵਿਚ ਆਉਣ ਦੇ ਨਾਲ ਨਵੇ ਵਿਵਾਦਾਂ ਨੇ ਵੀ ਜਨਮ ਲੈ ਲਿਆ ਸੀ। 'ਜੀ ਵਾਗੋ' ਗੀਤ ਜੋ ਕਿ ਬਹੁਤ ਹੀ ਮਸ਼ਹੂਰ ਹੋਇਆ ਸੀ, ਉਸ ਗਾਣੇ ਦੇ ਨਾਲ ਹੀ ਬਹੁਤ ਵਿਵਾਦ ਉਠੇ ਸੀ ਕਿ ਸਿੱਧੂ ਹਥਿਆਰ ਵਾਲੇ ਗੀਤ ਗਾਉਂਦਾ ਹੈ। ਨੌਜਵਾਨ ਵਰਗ ਹੋਲੀ-ਹੋਲੀ ਉਸ ਨੂੰ ਸੁਣ ਕੇ ਉਸ ਦੇ ਰੰਗ 'ਚ ਰੰਗਿਆ ਗਿਆ। ਉਚੀਆਂ ਗੱਲਾਂ ਤੋਂ ਬਾਅਦ ਸਾਰੇ ਹੀ ਗੀਤ ਉਸ ਦੇ ਬਹੁਤ ਹੀ ਚਰਚਾ 'ਚ ਰਹੇ ਤੇ ਸਿੱਧੂ ਦਾ ਨਾਂਅ ਅਵੱਲ ਦਰਜੇ ਦੇ ਕਲਾਕਾਰਾਂ 'ਚ ਆਉਣ ਲੱਗ ਗਿਆ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਉਕਤ ਵਿਵਾਦਿਤ ਗੀਤ ਨੂੰ ਲੈ ਕੇ ਸਿੱਧੂ ਮੂਸੇਵਾਲਾ ਨੇ ਸਿੱਖ ਸੰਗਤ ਤੋਂ ਮੁਆਫ਼ੀ ਮੰਗ ਲਈ ਹੈ।

ਇਸ ਮਾਮਲੇ ਨੂੰ ਲੈ ਕੇ ਜਦੋਂ ਐਸ. ਐਸ. ਪੀ ਡਾ. ਨਰਿੰਦਰ ਭਾਰਗਵ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਵਿਵਾਦਿਤ ਗੀਤ ਦੀ ਸੀਡੀਜ਼ ਮੰਗਵਾਈ ਗਈ ਹੈ। ਜੇਕਰ ਕੋਈ ਅਜਿਹਾ ਮਾਮਲਾ ਪ੍ਰਤੱਖ ਰੂਪ ਵਿਚ ਸਾਹਮਣੇ ਆਇਆ ਤਾਂ ਤੁਰੰਤ ਬਣਦੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।