ਕਰਤਾਰਪੁਰ ਪ੍ਰੋਗਰਾਮ ''ਚ ਸ਼ਾਮਲ ਹੋਣ ਲਈ ਸਿੱਧੂ ਨੂੰ ਜਾਰੀ ਕੀਤਾ ਵੀਜ਼ਾ : ਪਾਕਿ ਵਿਦੇਸ਼ ਦਫਤਰ

11/08/2019 1:15:35 AM

ਇਸਲਾਮਾਬਾਦ - ਪਾਕਿਸਤਾਨ ਨੇ ਵੀਰਵਾਰ ਨੂੰ ਆਖਿਆ ਕਿ ਉਸ ਨੇ ਭਾਰਤੀ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੂੰ 9 ਨਵੰਬਰ ਨੂੰ ਕਰਤਾਰਪੁਰ ਗਲਿਆਰੇ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਣ ਲਈ ਵੀਜ਼ਾ ਜਾਰੀ ਕੀਤਾ ਹੈ। ਕਰਤਾਰਪੁਰ ਗਲਿਆਰੇ ਦੇ ਭੂਮੀ ਪੂਜਨ 'ਚ ਸ਼ਾਮਲ ਰਹੇ ਸਿੱਧੂ ਨੂੰ ਪਾਕਿਸਤਾਨ ਸਰਕਾਰ ਨੇ ਸ਼ਨੀਵਾਰ ਨੂੰ ਹੋਣ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਸੱਤਾਧਾਰੀ ਪਾਰਟੀ ਦੇ ਇਕ ਬੁਲਾਰੇ ਨੇ ਆਖਿਆ ਕਿ ਕ੍ਰਿਕਟ ਖੇਡਣ ਦੇ ਦਿਨਾਂ ਤੋਂ ਹੀ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿੱਜੀ ਮਿੱਤਰ ਰਹੇ ਸਿੱਧੂ ਨੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਇਥੇ ਆਪਣੀ ਮੀਡੀਆ ਬ੍ਰੀਫਿੰਗ 'ਚ ਆਖਿਆ ਕਿ ਬਾਬਾ ਗੁਰੂ ਨਾਨਕ ਦੇ ਪਵਿੱਤਰ ਗੁਰਦੁਆਰੇ ਆਉਣ ਲਈ ਪਾਕਿਸਤਾਨ ਨੇ ਭਾਰਤੀ ਸਿਆਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਵੀਜ਼ਾ ਜਾਰੀ ਕੀਤਾ ਹੈ ਅਤੇ ਉਦਘਾਟਨ ਸਮਾਰੋਹ 'ਚ ਅਸੀਂ ਉਨ੍ਹਾਂ ਗਰਮਜ਼ੋਸ਼ੀ ਨਾਲ ਸਵਾਗਤ ਕਰਾਂਗੇ। ਇਸ ਵਿਚਾਲੇ ਨਵੀਂ ਦਿੱਲੀ 'ਚ ਸੂਤਰਾਂ ਨੇ ਆਖਿਆ ਕਿ ਸਿੱਧੂ ਨੂੰ ਭਾਰਤ ਵੱਲੋਂ ਪਾਕਿਸਤਾਨ 'ਚ ਸ਼ਨੀਵਾਰ ਨੂੰ ਕਰਤਾਰਪੁਰ ਗਲਿਆਰਾ ਉਦਘਾਟਨ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਉਥੇ ਜਾਣ ਦੀ ਸਿਆਸੀ ਮਨਜ਼ੂਰੀ ਵੀਰਵਾਰ ਦੇ ਦਿੱਤੀ ਹੈ। ਸਿੱਧੂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਸੱਦਾ ਦਿੱਤੇ ਜਾਣ ਤੋਂ ਬਾਅਦ ਵਿਦੇਸ਼ ਮੰਤਰਾਲੇ ਤੋਂ ਉਥੇ ਜਾ ਕੇ ਪ੍ਰੋਗਰਾਮ 'ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ। ਪਿਛਲੇ ਸਾਲ ਅਗਸਤ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਹੁੰ ਚੁੱਕ ਪ੍ਰੋਗਰਾਮ ਦੌਰਾਨ ਉਥੇ ਦੇ ਫੌਜ ਪ੍ਰਮੁੱਖ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲਣ ਕਾਰਨ ਉਹ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਸਨ। ਸਿੱਧੂ ਨੇ ਉਦੋਂ ਦਾਅਵਾ ਕੀਤਾ ਸੀ ਕਿ ਜਨਰਲ ਬਾਜਵਾ ਨੇ ਉਨ੍ਹਾਂ ਨੂੰ ਕਰਤਾਰਪੁਰ ਗਲਿਆਰਾ ਖੋਲ੍ਹਣ ਲਈ ਕੀਤੇ ਜਾ ਰਹੇ ਯਤਨ ਦੇ ਬਾਰੇ 'ਚ ਦੱਸਿਆ ਸੀ।

ਜਿਓ ਟੀ. ਵੀ. ਨੇ ਫੈਸਲ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਕਰਤਾਰਪੁਰ ਸ਼ਰਧਾਲੂਆਂ ਲਈ ਪਾਸਪੋਰਟ ਛੋਟ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਪਹਿਲ ਦੇ ਤਹਿਤ ਇਕ ਨਵੇਂ ਸਾਲ ਲਈ ਹੋਵੇਗੀ। ਉਨ੍ਹਾਂ ਆਖਿਆ ਕਿ ਪਾਕਿਸਤਾਨ ਨੇ 9 ਤੋਂ 12 ਨਵੰਬਰ ਨੂੰ 20 ਅਮਰੀਕੀ ਡਾਲਰ (ਕਰੀਬ 1400 ਰੁਪਏ) ਦਾ ਸ਼ੁਲਕ ਨਾ ਵਸੂਲਣ ਦਾ ਵੀ ਫੈਸਲਾ ਕੀਤਾ ਹੈ। ਫੈਸਲ ਨੇ ਆਖਿਆ ਕਿ ਪਾਕਿਸਤਾਨ ਨੂੰ ਉਮੀਦ ਹੈ ਕਿ 550ਵੇਂ ਪ੍ਰਕਾਸ਼ ਪੁਰਬ 'ਤੇ ਦੁਨੀਆ ਭਰ ਤੋਂ ਵੱਡੀ ਗਿਣਤੀ 'ਚ ਸਿੱਖ ਸ਼ਰਧਾਲੂ ਇਥੇ ਪਹੁੰਚਣਗੇ।

Khushdeep Jassi

This news is Content Editor Khushdeep Jassi