ਸੁਖਬੀਰ ਸੂਬੇ ਦੇ ਮੁੱਦਿਆਂ ''ਤੇ ਮੇਰੇ ਨਾਲ ਬਹਿਸ ਕਰੇ, ਜੋ ਹਾਰੇ ਉਹ ਸਿਆਸਤ ਛੱਡ ਦੇਵੇ : ਸਿੱਧੂ

10/10/2017 11:55:41 AM

ਜਲੰਧਰ/ਗੁਰਦਾਸਪੁਰ (ਧਵਨ) - ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮੁੱਦਿਆਂ 'ਤੇ ਉਹ ਉਨ੍ਹਾਂ ਨਾਲ ਬਹਿਸ ਕਰ ਲੈਣ ਅਤੇ ਇਸ ਬਹਿਸ 'ਚ ਜੋ ਹਾਰੇ, ਉਹ ਹਮੇਸ਼ਾ ਲਈ ਸਿਆਸਤ ਨੂੰ ਅਲਵਿਦਾ ਕਹਿ ਦੇਵੇ। ਅੱਜ ਕਾਂਗਰਸ ਉਮੀਦਵਾਰ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਮਰਥਨ 'ਚ ਗੁਰਦਾਸਪੁਰ 'ਚ ਆਪਣੀ ਅੰਤਿਮ ਚੋਣ ਰੈਲੀ 'ਚ ਹਿੱਸਾ ਲੈਂਦੇ ਹੋਏ ਸਿੱਧੂ ਨੇ ਕਿਹਾ ਕਿ  ਉਹ ਵਾਰ-ਵਾਰ ਸੁਖਬੀਰ ਨੂੰ 10 ਦਿਨਾਂ ਤੋਂ ਜਨਤਕ ਬਹਿਸ ਕਰਨ ਦੀ ਚੁਣੌਤੀ ਦੇ ਰਹੇ ਹਨ ਪਰ ਸੁਖਬੀਰ ਉਪ ਚੋਣ ਨੂੰ ਗਲਤ ਰੰਗਤ ਦੇਣ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਦੀ ਹੈਸੀਅਤ ਸਿਰਫ ਇਕ ਵਿਧਾਇਕ ਦੀ ਹੈ, ਜਦਕਿ ਉਹ ਇਸ ਸਮੇਂ ਕੈਬਨਿਟ ਮੰਤਰੀ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਕਾਬਲਾ ਕਰਨ 'ਚ ਸੁਖਬੀਰ ਸਮਰੱਥ ਨਹੀਂ ਹੈ, ਇਸ ਲਈ ਉਹ ਕੈਬਨਿਟ ਮੰਤਰੀ ਹੋਣ ਦੇ ਨਾਂ 'ਤੇ ਸੁਖਬੀਰ ਨੂੰ ਬਹਿਸ ਲਈ ਲਲਕਾਰਦੇ ਹਨ, ਜਿਨ੍ਹਾਂ ਦੀ ਸਰਕਾਰ ਨੇ 10 ਸਾਲਾਂ ਤਕ ਪੰਜਾਬ ਨੂੰ ਪੂਰੀ ਤਰ੍ਹਾਂ ਲੁੱਟਿਆ ਹੈ।
ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੀ ਪਛਾਣ ਬਲਿਊ ਫਿਲਮਾਂ ਵਾਲੀ ਹੋ ਗਈ ਹੈ। ਅਕਾਲੀ ਆਗੂਆਂ 'ਤੇ ਜੋ ਦਾਗ ਲੱਗ ਗਏ ਹਨ, ਉਹ ਸਾਫ ਹੋਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਦੇ ਅਕਾਲੀ ਦਲ ਦੀ ਪਛਾਣ ਨੀਲੀਆਂ ਪੱਗਾਂ ਹੁੰਦੀਆਂ ਸਨ ਪਰ ਹੁਣ ਅਕਾਲੀ ਦਲ ਦੀ ਪਛਾਣ ਨੀਲੀਆਂ ਫਿਲਮਾਂ ਵਾਲੀ ਬਣ ਕੇ ਰਹਿ ਗਈ ਹੈ।
ਸਿੱਧੂ ਨੇ ਇਸ ਮੌਕੇ ਕਿਹਾ ਕਿ ਸਲਾਰੀਆ ਨੇ ਕਦੇ ਪੰਚਾਇਤ ਤਕ ਦੀ ਚੋਣ ਨਹੀਂ ਲੜੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਤਾਂ ਜੀ. ਐੱਸ. ਟੀ., ਨੋਟਬੰਦੀ ਤੋਂ ਬਾਅਦ ਹੋਂਦ ਹੀ ਖਤਮ ਹੋ ਗਈ ਹੈ। ਭਾਜਪਾ ਤਾਂ ਸਿਰਫ ਅਕਾਲੀ ਦਲ ਦੇ ਸਹਾਰੇ ਚੋਣ ਲੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ 10 ਸਾਲਾਂ ਤਕ ਚਿੱਟਾ ਵਿਕਦਾ ਰਿਹਾ, ਇਹ ਦਾਗ ਅਕਾਲੀ ਦਲ ਦੇ ਪੱਲੇ 'ਤੋਂ ਸਾਫ ਹੋਣ ਵਾਲਾ ਨਹੀਂ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਬਿਕਰਮ ਮਜੀਠੀਆ ਨੂੰ ਕਿਹਾ ਕਿ ਉਸ ਦੀ ਕੋਈ ਨਿੱਜੀ ਪਛਾਣ ਨਹੀਂ ਹੈ। ਉਸ ਦੀ ਪਛਾਣ ਸਿਰਫ ਇਹ ਹੈ ਕਿ ਉਹ ਸੁਖਬੀਰ ਦਾ ਰਿਸ਼ਤੇਦਾਰ ਹੈ। ਜੇ ਸੁਖਬੀਰ ਨਾਲ ਰਿਸ਼ਤੇਦਾਰੀ ਨਾਂ ਹੁੰਦੀ ਤਾਂ ਮਜੀਠੀਆ ਰਾਜਨੀਤੀ 'ਚ ਉੱਪਰ ਕਿਵੇਂ ਆਉਂਦਾ? ਉਨ੍ਹਾਂ ਕਿਹਾ ਕਿ ਅਕਾਲੀ ਦਲ 'ਚ ਢੀਂਡਸਾ ਤੇ ਹੋਰ ਨੇਤਾ ਵੀ ਹਨ, ਜਿਨ੍ਹਾਂ ਦੇ ਪੱਲੇ 'ਤੇ ਕਦੇ ਭ੍ਰਿਸ਼ਟਾਚਾਰ ਜਾਂ ਕੋਈ ਹੋਰ ਦਾਗ ਨਹੀਂ ਲੱਗਾ, ਜਦਕਿ ਬਾਦਲ ਪੂਰੀ ਤਰ੍ਹਾਂ ਦਾਗਦਾਰ ਹੋ ਚੁੱਕਾ ਹੈ।
ਸਿੱਧੂ ਨੇ ਕਿਹਾ ਕਿ ਅਜੇ ਕਾਂਗਰਸ ਸਰਕਾਰ ਨੂੰ ਬਣੇ ਸਿਰਫ 6 ਮਹੀਨੇ ਹੀ ਹੋਏ ਹਨ, ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਨੂੰ ਖੁਸ਼ਹਾਲੀ ਦੇ ਰਸਤੇ 'ਤੇ ਲਿਜਾਣ ਲਈ ਸਖਤ ਮਿਹਨਤ ਕਰ ਰਹੇ ਹਨ, ਜਦਕਿ ਜਨਤਾ ਅਕਾਲੀਆਂ ਤੋਂ ਪਿਛਲੇ 10 ਸਾਲਾਂ ਦਾ ਹਿਸਾਬ ਲਵੇਗੀ ਅਤੇ ਹੁਣ ਜਨਤਾ ਅਕਾਲੀਆਂ ਹੱਥੋਂ ਗੁੰਮਰਾਹ ਹੋਣ ਵਾਲੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਨੇਤਾ 15 ਅਕਤੂਬਰ ਨੂੰ ਨਤੀਜੇ ਆਉਣ ਤੋਂ ਬਾਅਦ ਖੁੱਡਾਂ 'ਚ ਵੜ ਜਾਣਗੇ। ਕਾਰਪੋਰੇਸ਼ਨ ਚੋਣਾਂ 'ਚ ਵੀ ਕਾਂਗਰਸ ਇਨ੍ਹਾਂ ਦਾ ਸਫਾਇਆ ਕਰ ਦੇਵੇਗੀ।