ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਣੇ ਦੇ ਯੋਗ ਉਪਰਾਲੇ ਸਦਕਾ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਵੱਲ ਮੁੜੇ

06/20/2020 3:51:30 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)-ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਣਾ (ਸ੍ਰੀ ਮੁਕਤਸਰ ਸਾਹਿਬ) ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁਲਿਤ ਕਰਨ ਲਈ ਸਾਲ 2010 ਤੋਂ ਉਪਰਾਲੇ ਸ਼ੁਰੂ ਕੀਤੇ ਗਏ ਸਨ। 2011ਦੌਰਾਨ ਪਿੰਡ ਕਾਉਣੀ ਵਿਖੇ ਫਸਲ ਗੋਸ਼ਟੀ ਦਾ ਆਯੋਜਨ ਰਵਿੰਦਰ ਸਿੰਘ ਬਰਾੜ ਦੇ ਖੇਤ ਤੇ ਕੀਤਾ ਗਿਆ ਸੀ।ਇਸ ਦੌਰਾਨ ਇਸ ਤਕਨੀਕ ਬਾਰੇ ਵਡਮੁੱਲੀ ਜਾਣਕਾਰੀ 250 ਕਿਸਾਨਾਂ ਨਾਲ ਸਾਂਝੀ ਕੀਤੀ ਅਤੇ ਪ੍ਰਦਰਸ਼ਨੀ ਪਲਾਂਟ ਦਿਖਾਇਆ ਗਿਆ। ਇਸ ਕਰਕੇ ਅਗਲੇ ਸਾਲ 2012 'ਚ ਹੀ ਪਿੰਡ ਕਾਉਣੀ ਵਿਖੇ 460 ਏਕੜ ਝੋਨੇ ਦੀ ਸਿੱਧੀ ਬਿਜਾਈ ਹੋਈ। ਉਸ ਸਮੇਂ ਪਿੰਡ ਕਾਉਣੀਵਿਖੇ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ, ਪੰਜਾਬ ਦੇ ਪਿੰਡਾਂ 'ਚੋਂ ਸਭ ਤੋਂ ਵਧ ਸੀ ਅਤੇ ਨਾਲ ਲਗਦੇ ਪਿੰਡ ਧੂਲਕੋਟ, ਗੂੜੀ ਸੰਘਰ, ਖਿੜਕੀਆਂ ਵਾਲਾ ਅਤੇ ਭੁੱਲਰ ਆਦਿ ਦਾ ਇਕ ਕਲੱਸਟਰ ਦੇ ਤੌਰ 'ਤੇ ਦੇਖਿਆ ਗਿਆ ਤਾਂ ਇਹ ਕਲੱਸਟਰ ਵੀ 2012 'ਚ ਪੰਜਾਬ ਦਾ ਸਭ ਤੋਂ ਵੱਡਾ ਕਲੱਸਟਰ ਖੇਤੀਬਾੜੀ ਮਹਿਕਮਾ ਪੰਜਾਬ ਵਲੋਂ ਐਲਾਨਿਆ ਗਿਆ ਸੀ।

ਡਾ:ਨਿਰਮਲਜੀਤ ਸਿੰਘ ਧਾਲੀਵਾਲ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਣਾ ਨੇ 'ਜਗ ਬਾਣੀ' ਨੂੰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁਲਿਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਣਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ, ਜਿਸ ਦੇ ਫਲਸਰੂਪ ਸਾਲ 2014 'ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 24000 ਹੈਕਟੇਅਰ ਰਕਬੇ ਹੇਠ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਜਿਹੜਾ ਕਿ ਸਾਰੇ ਪੰਜਾਬ ਦੇ ਸਿੱਧੀ ਬਿਜਾਈ ਦਾ 25 ਫੀਸਦੀ ਰਕਬਾ ਬਣਦਾ ਸੀ।ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਝੋਨੇ ਦੀ ਸਿੱਧੀ ਬਿਜਾਈ 'ਚ ਸਾਲ 2012 ਤੋਂ ਮੋਹਰੀ ਚੱਲਿਆ ਆ ਰਿਹਾ ਹੈ। ਇਸ ਸਾਲ 2020 'ਚ ਫਿਰ ਪਿੰਡ ਕਾਉਣੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ ਸ਼ੁਰੂਆਤੀ ਅਨੁਮਾਨ ਅਨੁਸਾਰ 5500 ਕਿਲਿਆਂ ਤੋਂ ਵੱਧ ਹੈ ਅਤੇ ਅੱਜ ਦੇ ਸਮੇਂ ਦੌਰਾਨ ਪਿੰਡ ਕਾਉਣੀ ਫਿਰ ਸਿੱਧੀ ਬਿਜਾਈ 'ਚ ਮੋਢੀ ਬਣ ਗਿਆ ਹੈ। ਇਸ ਦੇ ਨਾਲ ਲਗਦੇ ਪਿੰਡਾਂ 'ਚ ਵੀ ਲਗਭਗ 80-85 ਫੀਸਦੀ ਰਕਬੇ ਹੇਠ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ।
ਸਿੱਧੀ ਬਿਜਾਈ ਦੇ ਕੀ ਹਨ ਲਾਭ
ਇਸ ਤਕਨੀਕ ਨਾਲ ਲਾਏ ਝੋਨੇ ਦਾ ਖਰਚਾ ਘੱਟ ਆਉਂਦਾ ਹੈ, ਲੇਬਰ ਦੀ ਬਚਤ ਹੁੰਦੀ ਹੈ, ਪਾਣੀ ਦੀ ਬਚਤ ਹੁੰਦੀ ਹੈ, ਝੋਨਾ ਪੱਕਣ 'ਚ ਵੀ ਇਕ ਹਫਤੇ ਦਾ ਸਮਾਂ ਘੱਟ ਲਂੈਦਾ ਹੈ ਅਤੇ ਝਾੜ ਕੱਦੂ ਕੀਤੇ ਝੋਨੇ ਦੇ ਬਰਾਬਰ ਰਹਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲਾ•ਸ੍ਰੀ ਮੁਕਤਸਰ ਸਾਹਿਬ 'ਚ ਸ਼ੁਰੂਆਤੀ ਅਨੁਮਾਨ ਅਨੁਸਾਰ 55000 ਹੈਕਟੇਅਰ ਤੋਂ ਵੱਧ ਰਕਬੇ ਤੇ ਇਸ ਸਾਲ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਹੋਈ ਹੈ।

ਇਹ ਕਿਸਾਨ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਨ ਝੋਨੇ ਦੀ ਸਿੱਧੀ ਬਿਜਾਈ
ਰਣਜੀਤ ਸਿੰਘ ਪਿੰਡ ਮਹਿਰਾਜ ਵਾਲਾ ਨੇ ਇਸ ਸਾਲ 21 ਏਕੜ ਝੌਨਾ/ਬਾਸਮਤੀ ਦੀ ਸਿੱਧੀ ਬਿਜਾਈ ਕੀਤੀ। ਇਹ ਕਿਸਾਨ ਪੰਜ ਸਾਲਾ ਤੋਂ ਲਗਾਤਾਰ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਰਣਜੀਤ ਸਿੰਘ ਮੈਂਬਰ ਪਿੰਡ ਧੂਲਕੋਟ ਨੇ ਇਸ ਸਾਲ 13 ਏਕੜ ਝੌਨਾ/ਬਾਸਮਤੀ ਦੀ ਸਿੱਧੀ ਬਿਜਾਈ ਕੀਤੀ।ਇਹ ਕਿਸਾਨ 2010 ਤੋਂ ਲਗਾਤਾਰ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ ਅਤੇ ਇਸ ਕਿਸਾਨ ਨੇ ਪਿੰਡ ਧੂਲਕੋਟ ਵਿੱਚ ਸਿੱਧੀ ਬਿਜਾਈ ਕਰਨ ਦਾ ਉਪਰਾਲਾ ਕੀਤਾ।ਅੰਗਰੇਜ ਸਿੰਘ ਪਿੰਡ ਗੁੜੀ ਸ਼ੰਘਰ ਨੇ ਇਸ ਸਾਲ 50 ਏਕੜ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ। ਇਹ ਕਿਸਾਨ 2011 ਤੋਂ ਲਗਾਤਾਰ ਬਾਸਮਤੀ  ਦੀ ਸਿੱਧੀ ਬਿਜਾਈ  ਕਰ ਰਿਹਾ ਹੈ।ਜਗਮੀਤ ਸਿੰਘ ਪਿੰਡ ਕਾਉਣੀ ਨੇ ਇਸ ਸਾਲ 25 ਏਕੜ ਝੌਨਾ/ਬਾਸਮਤੀ ਦੀ ਸਿੱਧੀ ਬਿਜਾਈ ਕੀਤੀ। ਇਹ ਕਿਸਾਨ ਪਿਛਲੇ ਕਈ ਸਾਲਾ ਤੋਂ ਲਗਾਤਾਰ ਝੋਨੇ/ਬਾਸਮਤੀ  ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਇਸ ਤਕਨੀਕ ਨੂੰ ਪ੍ਰਫੁਲਿਤ ਕਰਨ ਲਈ ਕਸਟਮ ਹਾਰਿੰਗ (ਕਿਰਾਏ ਤੇ ਬਿਜਾਈ) ਕਰ ਰਿਹਾ ਹੈ।

Shyna

This news is Content Editor Shyna