ਖਾਸ ਮਹੱਤਵ ਰੱਖਦੈ ''ਬਾਬਾ ਸੋਢਲ'' ਦਾ ਇਤਿਹਾਸ, ਪੁੱਤ ਦੇਣ ਦੀਆਂ ਮੰਨਤਾਂ ਕਰਦਾ ਹੈ ਪੂਰੀਆਂ (ਤਸਵੀਰਾਂ)

09/12/2019 6:56:53 PM

ਜਲੰਧਰ  — ਪੰਜਾਬ ਨੂੰ ਗੁਰੂਆਂ-ਪੀਰਾਂ ਦੀ ਧਰਤੀ ਅਤੇ ਮੇਲਿਆਂ ਦਾ ਸੂਬਾ ਕਿਹਾ ਜਾਂਦਾ ਹੈ, ਜਿਨ੍ਹਾਂ 'ਚ ਜਲੰਧਰ 'ਚ ਲੱਗਣ ਵਾਲਾ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ। ਭਾਦੋਂ ਮਹੀਨੇ ਦੀ ਅਨੰਤ ਚੌਦਸ ਨੂੰ ਹਰ ਸਾਲ ਇਸ ਮੇਲੇ ਦਾ ਆਯੋਜਨ ਸੋਢਲ ਮੰਦਰ ਦੇ ਨੇੜੇ-ਤੇੜੇ ਹੁੰਦਾ ਹੈ। ਮੇਲਾ ਤਿੰਨ-ਚਾਰ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਦੋ-ਤਿੰਨ ਦਿਨ ਬਾਅਦ ਵੀ ਜਾਰੀ ਰਹਿੰਦਾ ਹੈ। ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖਾਂ ਦੀ ਗਿਣਤੀ 'ਚ ਭਗਤ ਲੋਕ ਮੇਲੇ ਦੌਰਾਨ ਬਾਬਾ ਸੋਢਲ ਦੇ ਦਰ 'ਤੇ ਮੱਥਾ ਟੇਕਦੇ ਹਨ ਅਤੇ ਮੁਰਾਦਾਂ ਮੰਗਦੇ ਹਨ। ਜਿਨ੍ਹਾਂ ਭਗਤਾਂ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਉਹ ਵਾਜਿਆਂ ਨਾਲ ਸੋਢਲ ਬਾਬਾ ਦੇ ਦਰ 'ਤੇ ਮੱਥਾ ਟੇਕਣ ਪਰਿਵਾਰ ਨਾਲ ਨੱਚਦੇ-ਗਾਉਂਦੇ ਜਾਂਦੇ ਹਨ। ਇਹ ਮੰਦਿਰ ਸਿੱਧ ਸਥਾਨ ਵਜੋਂ ਕਾਫੀ ਮਸ਼ਹੂਰ ਹੈ ਅਤੇ ਇਸ ਦਾ ਇਤਿਹਾਸ ਲਗਭਗ 200 ਸਾਲ ਪੁਰਾਣਾ ਹੈ। ਚੱਢਾ ਬਰਾਦਰੀ ਦੇ ਲੋਕ ਇਸ ਨੂੰ ਆਪਣੇ ਜਠੇਰਿਆਂ ਦਾ ਸਥਾਨ ਮੰਨਦੇ ਹਨ।

ਜਾਣੋ ਕੀ ਹੈ ਸੋਢਲ ਬਾਬਾ ਦਾ ਇਤਿਹਾਸ
ਮੰਨਿਆ ਜਾਂਦਾ ਹੈ ਕਿ ਅੱਜ ਜਿਸ ਸਥਾਨ 'ਤੇ ਬਾਬਾ ਸੋਢਲ ਦਾ ਮੰਦਿਰ ਅਤੇ ਸਰੋਵਰ ਬਣਿਆ ਹੋਇਆ ਹੈ ਪਹਿਲਾਂ ਇਥੇ ਇਕ ਤਲਾਬ ਅਤੇ ਸੰਤ ਦੀ ਕੁਟੀਆ ਹੀ ਹੁੰਦੀ ਸੀ। ਸੰਤ ਸ਼ਿਵ ਜੀ ਦੇ ਭਗਤ ਸਨ ਅਤੇ ਲੋਕ ਉਨ੍ਹਾਂ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਸਨ। ਚੱਢਾ ਪਰਿਵਾਰ ਦੀ ਇਕ ਨੂੰਹ ਜੋ ਅਕਸਰ ਉਦਾਸ ਜਿਹੀ ਰਹਿੰਦੀ ਸੀ, ਇਕ ਵਾਰ ਸੰਤ ਜੀ ਕੋਲ ਆਈ। ਸੰਤ ਨੇ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਕੋਈ ਸੰਤਾਨ ਨਾ ਹੋਣ ਕਾਰਨ ਉਹ ਦੁਖੀ ਜੀਵਨ ਬਤੀਤ ਕਰ ਰਹੀ ਹੈ।

ਮਾਂ ਦੀਆਂ ਝਿੜਕਾਂ ਤੋਂ ਬਾਅਦ ਤਲਾਬ 'ਚ ਸਮਾ ਗਏ ਸਨ ਬਾਬਾ ਸੋਢਲ
ਸੰਤ ਜੀ ਨੇ ਉਸ ਸਮੇਂ ਤਾਂ ਉਸ ਨੂੰ ਦਿਲਾਸਾ ਦੇ ਦਿੱਤਾ ਅਤੇ ਬਾਅਦ 'ਚ ਭੋਲੇ ਭੰਡਾਰੀ ਅੱਗੇ ਉਸ ਨੂੰ ਸੰਤਾਨ ਦੇਣ ਲਈ ਪ੍ਰਾਰਥਨਾ ਕੀਤੀ। ਮੰਨਿਆ ਜਾਂਦਾ ਹੈ ਕਿ ਭੋਲੇ ਭੰਡਾਰੀ ਦੀ ਕਿਰਪਾ ਨਾਲ ਨਾਗ ਦੇਵਤਾ ਨੇ ਉਸ ਔਰਤ ਦੀ ਕੁੱਖੋਂ ਬੱਚੇ ਦੇ ਰੂਪ 'ਚ ਜਨਮ ਲਿਆ। ਜਦੋਂ ਬਾਲਕ ਲਗਭਗ ਚਾਰ ਸਾਲ ਦਾ ਸੀ ਤਾਂ ਉਸ ਦੀ ਮਾਤਾ ਉਸ ਨੂੰ ਨਾਲ ਲੈ ਕੇ ਉਸੇ ਤਲਾਬ 'ਤੇ ਕੱਪੜੇ ਧੌਣ ਆਈ। ਬੱਚਾ ਸ਼ਰਾਰਤੀ ਸੀ ਅਤੇ ਭੁੱਖ ਦਾ ਬਹਾਨਾ ਕਰਕੇ ਮਾਤਾ ਨੂੰ ਘਰ ਪਰਤਣ ਦੀ ਜ਼ਿੱਦ ਕਰ ਰਿਹਾ ਸੀ। ਮਾਂ ਕਿਉਂਕਿ ਕੰਮ ਛੱਡਣ ਨੂੰ ਤਿਆਰ ਨਹੀਂ ਸੀ ਇਸ ਲਈ ਉਸ ਨੇ ਬੱਚੇ ਨੂੰ ਖੂਬ ਝਿੜਕਿਆ।

ਮਾਂ ਦੀਆਂ ਝਿੜਕਾਂ ਤੋਂ ਬਾਅਦ ਗੁੱਸੇ 'ਚ ਆਇਆ ਬੱਚਾ ਤਲਾਬ 'ਚ ਸਮਾ ਗਿਆ ਅਤੇ ਅੱਖਾਂ ਤੋਂ ਪਰ੍ਹੇ ਹੋ ਗਿਆ। ਇਕੋ-ਇਕ ਪੁੱਤਰ ਦਾ ਇਹ ਹਸ਼ਰ ਦੇਖ ਕੇ ਮਾਤਾ ਰੋਣ-ਕੁਰਲਾਉਣ ਲੱਗ ਗਈ, ਜਿਸ ਤੋਂ ਬਾਅਦ ਬਾਬਾ ਸੋਢਲ ਨਾਗ ਰੂਪ 'ਚ ਉਸੇ ਸਥਾਨ ਤੋਂ ਤਲਾਬ ਤੋਂ ਬਾਹਰ ਆਏ ਅਤੇ ਕਿਹਾ ਕਿ ਜੋ ਕੋਈ ਵੀ ਸੱਚੇ ਮਨ ਨਾਲ ਮਨੋਕਾਮਨਾ ਮੰਗੇਗਾ ਉਸ ਦੀ ਇੱਛਾ ਜ਼ਰੂਰ ਪੂਰੀ ਹੋਵੇਗੀ। ਅਜਿਹਾ ਕਹਿ ਕੇ ਨਾਗ ਦੇਵਤਾ ਦੇ ਰੂਪ 'ਚ ਬਾਬਾ ਸੋਢਲ ਮੁੜ ਤਲਾਬ 'ਚ ਸਮਾ ਗਏ।


ਇਹ ਬਾਬਾ ਸੋਢਲ ਪ੍ਰਤੀ ਲੋਕਾਂ ਦੀ ਅਥਾਹ ਸ਼ਰਧਾ ਅਤੇ ਵਿਸ਼ਵਾਸ ਹੈ ਕਿ ਹਰ ਸਾਲ ਬਾਬਾ ਸੋਢਲ ਮੇਲੇ ਦਾ ਸਰੂਪ ਵਧਦਾ ਹੀ ਜਾ ਰਿਹਾ ਹੈ। ਮੇਲਾ ਖੇਤਰ ਕਈ ਕਿਲੋਮੀਟਰ 'ਚ ਫੈਲ ਚੁੱਕਾ ਹੈ ਅਤੇ ਹਰ ਸਾਲ ਸ਼ਰਧਾਲੂਆਂ ਦੀ ਗਿਣਤੀ ਪਹਿਲਾਂ ਦੀ ਬਜਾਏ ਵਧਦੀ ਜਾ ਰਹੀ ਹੈ। ਭਗਤ ਲੋਕ ਭੇਟਾ ਵਜੋਂ ਬਾਬਾ ਸੋਢਲ ਨੂੰ ਮੱਠੀ ਅਤੇ ਰੋਟ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ ਅਤੇ ਸਰੋਵਰ 'ਤੇ ਜਾ ਕੇ ਪਵਿੱਤਰ ਜਲ ਦਾ ਛੱਟਾ ਲੈਂਦੇ ਹਨ ਅਤੇ ਉਸ ਨੂੰ ਚਰਣ ਅੰਮ੍ਰਿਤ ਵਾਂਗ ਪੀਂਦੇ ਹਨ।

shivani attri

This news is Content Editor shivani attri