ਹੁਣ ਨਹੀਂ ਹੋਵੇਗਾ ਸ਼ਾਰਟਕੱਟ ਮਾਰਗ ''ਤੇ ਹਨੇਰਾ

01/16/2018 2:31:06 PM

ਨਵਾਂਗਰਾਓਂ (ਮੁਨੀਸ਼) : ਜੇਕਰ ਤੁਸੀਂ ਕੁਰਾਲੀ ਵੱਲ ਜਾਣਾ ਚਾਹੁੰਦੇ ਹੋ ਤਾਂ ਰਾਤ ਨੂੰ ਬੂਥਗੜ੍ਹ ਵਾਲੀ ਸੜਕ ਤੋਂ ਵੀ ਜਾ ਸਕਦੇ ਹੋ ਕਿਉਂਕਿ ਇਸ ਸੜਕ 'ਤੇ ਹੁਣ ਹਨੇਰਾ ਨਹੀਂ ਰਹੇਗਾ। ਗਮਾਡਾ ਨੇ ਇਸ ਸੜਕ 'ਤੇ ਲਾਈਟਾਂ ਲਾਉਣ ਲਈ ਪੋਲ ਲਾ ਦਿੱਤੇ ਸਨ ਪਰ ਲਾਈਟਾਂ ਨਹੀਂ ਲਾਈਆਂ ਸਨ। ਹੁਣ ਇਨ੍ਹਾਂ ਪੋਲਾਂ 'ਤੇ ਲਾਈਟਾਂ ਲਗ ਗਈਆਂ ਹਨ। ਹਨੇਰਾ ਹੋਣ ਨਾਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਪੇਸ਼ ਆਉਂਦੀ ਸੀ, ਇਸ ਮੁੱਦੇ ਨੂੰ 'ਜਗ ਬਾਣੀ' ਨੇ ਪ੍ਰਮੁੱਖਤਾ ਨਾਲ ਛਾਪਿਆ ਸੀ, ਜਿਸ ਤੋਂ ਬਾਅਦ ਗਮਾਡਾ ਨੇ ਇਸ ਸੜਕ 'ਤੇ ਲਾਈਟਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਕਰੋੜਾਂ ਦੀ ਲਾਗਤ ਨਾਲ ਬਣੀ ਹੈ ਸੜਕ 
ਗਮਾਡਾ ਨੇ ਲਗਭਗ 30 ਕਰੋੜ ਦੀ ਲਾਗਤ ਨਾਲ ਪਿੰਡ ਬੂਥਗੜ੍ਹ ਤੋਂ ਤੋਗਾ ਤਕ ਫੋਰਲੇਨ ਸੜਕ ਬਣਾਈ ਹੈ। 8 ਕਿਲੋਮੀਟਰ ਦੀ ਇਹ ਸੜਕ ਹੈ। ਚੰਡੀਗੜ੍ਹ ਤੋਂ ਕੁਰਾਲੀ ਜਾਣ ਵਾਲਿਆਂ ਨੂੰ ਇਸ ਸੜਕ ਦੇ ਬਣਨ ਤੋਂ ਬਾਅਦ ਖਰੜ ਜਾਣ ਦੀ ਲੋੜ ਨਹੀਂ ਹੈ। ਇਥੇ ਪੁਲਸ ਨੇ ਗਸ਼ਤ ਵੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇਰੀ ਕਰ ਰਿਹੈ ਇਕ ਕਿਲੋਮੀਟਰ ਸੜਕ ਬਣਾਉਣ 'ਚ : ਦੂਜੇ ਪਾਸੇ ਹਾਲੇ ਧਨਾਸ ਦੇ ਸਾਹਮਣੇ ਤੋਂ ਪਿੰਡ ਤੋਗਾ ਤਕ ਇਸ ਸੜਕ ਨੂੰ ਜੋੜਿਆ ਜਾਣਾ ਹੈ ਪਰ ਇਕ ਕਿਲੋਮੀਟਰ ਦੀ ਇਸ ਸੜਕ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਉਣ 'ਚ ਦੇਰੀ ਕੀਤੀ ਜਾ ਰਹੀ ਹੈ, ਜਦੋਂਕਿ ਗਮਾਡਾ ਆਪਣੇ ਬਾਰਡਰ ਤਕ ਦਾ ਕੰਮ ਕਦੋਂ ਦਾ ਪੂਰਾ ਕਰ ਚੁੱਕਾ ਹੈ।
ਇਸ ਲਈ ਸ਼ਾਰਟਕੱਟ ਹੈ ਸੜਕ : ਇਸ ਰਸਤੇ ਤੋਂ ਰਾਹਗੀਰ ਚੰਡੀਗੜ੍ਹ ਤੋਂ ਸਿੱਧੇ ਕੁਰਾਲੀ ਨਿਕਲ ਸਕਣਗੇ, ਮੁੱਲਾਂਪੁਰ ਜਾਣ ਦੀ ਲੋੜ ਨਹੀਂ ਪਵੇਗੀ। ਦੂਜਾ ਚੰਡੀਗੜ੍ਹ ਤੋਂ ਖਰੜ ਵਾਲੀ ਸੜਕ 'ਤੇ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਇਹ ਇਕ ਚੰਗਾ ਬਦਲ ਹੈ ਕਿਉਂਕਿ ਇਥੇ ਟ੍ਰੈਫਿਕ ਘੱਟ ਹੈ। ਹਾਲੇ ਸੜਕ ਤੋਗਾ ਤੋਂ ਪਿੰਡ ਬੂਥਗੜ੍ਹ ਟੀ-ਪੁਆਇੰਟ ਤਕ 8 ਕਿਲੋਮੀਟਰ ਬਣੀ ਹੋਈ ਹੈ। ਇਥੋਂ ਕੁਰਾਲੀ 10 ਕਿਲੋਮੀਟਰ ਹੈ। ਬੂਥਗੜ੍ਹ ਤੋਂ ਬੱਦੀ 13 ਕਿਲੋਮੀਟਰ ਦੂਰ ਹੈ। ਨਿਊ ਚੰਡੀਗੜ੍ਹ 'ਚ ਬਣਨ ਵਾਲਾ ਨਵਾਂ ਸਟੇਡੀਅਮ, ਈਕੋ-ਸਿਟੀ, ਓਮੈਕਸ ਸੁਸਾਇਟੀ ਵੀ ਇਸੇ ਸੜਕ 'ਤੇ ਪਵੇਗੀ।