ਗੁਰਦੁਆਰਾ ਸਾਹਿਬ ਦੇ ਰਸਤੇ ਨੂੰ ਲੈ ਕੇ ਹੋਏ ਵਿਵਾਦ ਕਾਰਨ ਚੱਲੀ ਗੋਲੀ, 1 ਜ਼ਖਮੀ

10/03/2019 12:51:41 PM

ਮੋਗਾ (ਅਜ਼ਾਦ)—ਮੋਗਾ-ਫਿਰੋਜ਼ਪੁਰ ਜੀ. ਟੀ. ਰੋਡ 'ਤੇ ਨਗਰ ਨਿਗਮ ਅਧੀਨ ਪੈਂਦੇ ਪਿੰਡ ਦੁੱਨੇਕੇ ਵਿਚ ਅੱਜ ਗੁਰਦੁਆਰਾ ਸਾਹਿਬ ਦੇ ਰਸਤੇ ਨੂੰ ਲੈ ਕੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਅਤੇ ਦੋ ਧਿਰਾਂ ਵਿਚਕਾਰ ਝਗੜਾ ਵਧ ਗਿਆ ਅਤੇ ਇਸੇ ਦੌਰਾਨ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਜਰਨੈਲ ਸਿੰਘ ਦੁੱਨੇਕੇ ਨੇ ਆਪਣੇ ਲਾਇਸੈਂਸੀ ਅਸਲੇ ਨਾਲ ਗੋਲੀ ਚਲਾ ਦਿੱਤੀ। ਜਿਸ ਨਾਲ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਂਬਰ ਮਹਿੰਦਰ ਸਿੰਘ ਦਾ ਬੇਟਾ ਕੁਲਵੰਤ ਸਿੰਘ ਪੱਪੂ ਦੁੱਨੇਕੇ ਦੀ ਲੱਤ ਵਿਚ ਗੋਲੀ ਲੱਗਣ ਨਾਲ ਬੁਰੀ ਤਰ੍ਹਾ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਝਗੜੇ ਦੀ ਜਾਣਕਾਰੀ ਮਿਲਣ 'ਤੇ ਡੀ. ਐੱਸ. ਪੀ. ਸਿਟੀ ਪਰਮਜੀਤ ਸਿੰਘ ਸੰਧੂ ਅਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫ਼ਸਰ ਇੰਸਪੈਕਟਰ ਲਛਮਣ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਦੇ ਬਾਅਦ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਦੁੱਨੇਕੇ ਦੇ ਵਾਰਡ ਨੰਬਰ 45 ਵਿਚ ਸਥਿਤ ਗੁਰਦੁਆਰਾ ਸਾਹਿਬ ਨੂੰ ਜਾਣ ਲਈ 11 ਫੁੱਟ ਰਸਤਾ ਛੱਡਿਆ ਹੋਇਆ ਹੈ, ਜਦਕਿ ਨਗਰ ਨਿਗਮ ਦੇ ਡਿਪਟੀ ਮੇਅਰ ਜਰਨੈਲ ਸਿੰਘ ਦੇ ਇਲਾਵਾ ਕੁਝ ਹੋਰ ਵਿਅਕਤੀ ਇਸ ਰਸਤੇ ਨੂੰ 20 ਫੁੱਟ ਕਰਨ ਦੀ ਮੰਗ ਕਰ ਰਹੇ ਸਨ, ਤਾਂ ਕਿ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲ ਪੇਸ਼ ਨਾ ਆਵੇ ਪਰ ਇਕ ਧਿਰ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਇਲਾਵਾ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਇਸੇ ਦੌਰਾਨ ਗੋਲੀ ਚੱਲ ਪਈ। ਡੀ. ਐੱਸ. ਪੀ. ਸਿਟੀ ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਮਾਮਲੇ ਵਿਚ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਜਰਨੈਲ ਸਿੰਘ, ਪਿੰਦਰ ਸਿੰਘ, ਜੀਤਾ ਸਿੰਘ, ਲੱਡੂ ਅਤੇ ਪੰਮੀ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਵਿਚ ਨਾਮਜ਼ਦ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਦੂਜੇ ਪਾਸੇ ਜ਼ਿਲਾ ਕਾਂਗਰਸ ਪਾਰਟੀ ਮੋਗਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਯੂਥ ਕਾਂਗਰਸੀ ਆਗੂ ਧਰਮਪਾਲ ਡੀ. ਪੀ. ਅਤੇ ਸਾਥੀਆਂ ਨੇ ਹਸਪਤਾਲ ਵਿਚ ਜ਼ੇਰੇ ਇਲਾਜ ਕੁਲਵੰਤ ਸਿੰਘ ਦਾ ਹਾਲਚਾਲ ਪੁੱਛਿਆ।

Shyna

This news is Content Editor Shyna