ਖੰਨਾ ''ਚ ਸ਼ਿਵ ਸੈਨਾ ਪੰਜਾਬ ਦਾ ਪ੍ਰਦਰਸ਼ਨ, ਨੈਸ਼ਨਲ ਹਾਈਵੇਅ ਕੀਤਾ ਜਾਮ

03/11/2020 1:58:15 PM

ਖੰਨਾ (ਵਿਪਨ) : ਖੰਨਾ 'ਚ ਬੁੱਧਵਾਰ ਨੂੰ ਸ਼ਿਵ ਸੈਨਾ ਪੰਜਾਬ ਵਲੋਂ ਪ੍ਰਧਾਨ ਸੰਜੀਵ ਕੁਮਾਰ ਘਨੌਲੀ ਦੀ ਅਗਵਾਈ 'ਚ ਮਹੰਤ ਕਸ਼ਮੀਰ ਗਿਰੀ 'ਤੇ ਹੋਏ ਹਮਲੇ ਦਾ ਵਿਰੋਧ ਕਰਦਿਆਂ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਅਤੇ ਸਰਕਾਰ ਅਤੇ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੌਕੇ 'ਤੇ ਪੁੱਜੇ ਖੰਨਾ ਦੇ ਐੱਸ. ਐੱਸ. ਪੀ. ਨੇ ਸ਼ਿਵ ਸੈਨਾ ਦੇ ਆਗੂਆਂ ਨੂੰ ਭਰੋਸਾ ਦੁਆ ਕੇ ਜਾਮ ਖੁੱਲ੍ਹਵਾਇਆ।


ਇਸ ਮੌਕੇ ਬੋਲਦਿਆਂ ਰਾਜੀਵ ਟੰਡਨ ਅਤੇ ਸੰਜੀਵ ਕੁਮਾਰ ਘਨੌਲੀ, ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਦਿਨੀਂ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ 'ਤੇ ਜੋ ਹਮਲਾ ਹੋਇਆ, ਉਹ ਬਹੁਤ ਨਿੰਦਣਯੋਗ ਹੈ। ਉਨ੍ਹਾਂ ਨੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਹਿੰਦੂਆਂ ਦੇ ਖਿਲਾਫ ਹੈ ਅਤੇ ਉਨ੍ਹਾਂ 'ਤੇ ਹਮਲੇ ਕਰਵਾ ਰਹੀ ਹੈ, ਜੋ ਕਿ ਹਿੰਦੂ ਸਮਾਜ ਕਦੇ ਵੀ ਬਰਦਾਸ਼ਤ ਨਹੀ ਕਰੇਗਾ।

ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਸਰਕਾਰ ਨੂੰ ਜਗਾਉਣ ਲਈ ਖੰਨਾ ਸ਼ਹਿਰ ਬੰਦ ਕੀਤਾ ਗਿਆ ਹੈ ਪਰ ਜੇਕਰ ਫਿਰ ਵੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨਹੀਂ ਜਾਗਿਆ ਤਾਂ ਉਹ ਪੂਰੇ ਪੰਜਾਬ 'ਚ ਇਸੇ ਤਰ੍ਹਾਂ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਦੇ ਰਾਜ 'ਚ ਹਿੰਦੂ ਸੁਰੱਖਿਅਤ ਨਹੀਂ ਹਨ ਅਤੇ ਜੇਕਰ ਸਰਕਾਰ ਵੱਲੋਂ ਹਿੰਦੂਆਂ ਨੂੰ ਸੁਰਖਿਆ ਨਾ ਦਿੱਤੀ ਗਈ ਤਾਂ ਸ਼ਿਵ ਸੈਨਾ ਪੰਜਾਬ ਵਲੋਂ ਸੂਬੇ ਅੰਦਰ ਵੱਡੇ ਪਰਦਰਸਨ ਕੀਤੇ ਜਾਣਗੇ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ 'ਤੇ ਨਕਾਬਪੋਸ਼ ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਘਟਨਾ CCTV 'ਚ ਕੈਦ (ਵੀਡੀਓ)

ਮੌਕੇ 'ਤੇ ਪੁੱਜੇ ਐੱਸ. ਐੱਸ. ਪੀ., ਖੰਨਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਸ਼ਿਵ ਸੈਨਾ ਦੇ ਆਗੂਆਂ ਨੂੰ ਭਰੋਸਾ ਦੁਆ ਕੇ ਧਰਨਾ ਖੁੱਲ੍ਹਵਾ ਦਿਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਹੰਤ ਕਸ਼ਮੀਰ ਗਿਰੀ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਜਾਵੇਗੀ।
ਮੰਦਰ ਜਾਂਦੇ ਸਮੇਂ ਹੋਇਆ ਸੀ ਹਮਲਾ
ਖੰਨਾ 'ਚ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਕਸ਼ਮੀਰ ਗਿਰੀ 'ਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵਲੋਂ ਉਦੋਂ ਹਮਲਾ ਕੀਤਾ ਗਿਆ, ਜਦੋਂ ਉਹ ਸਵੇਰੇ ਮੰਦਰ ਜਾ ਰਹੇ ਸਨ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਨੂੰ ਘਰ ਅੰਦਰ ਵੜ ਕੇ ਆਪਣੀ ਜਾਨ ਬਚਾਉਣੀ ਪਈ।

Babita

This news is Content Editor Babita