ਫਰਾਰ ਚੱਲ ਰਹੇ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਦੀ ਵਾਰ-ਵਾਰ ਬਦਲ ਰਹੀ ਹੈ ਲੋਕੇਸ਼ਨ

02/21/2018 12:32:11 PM

ਮੋਹਾਲੀ (ਰਾਣਾ) : ਵਸੂਲੀ, ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇਣ ਸਮੇਤ ਹੋਰ ਧਾਰਾਵਾਂ ਤਹਿਤ ਦਰਜ ਮਾਮਲੇ ਵਿਚ ਸ਼ਿਵ ਸੈਨਾ ਹਿੰਦੁਸਤਾਨ ਦਾ ਆਗੂ ਅਮਿਤ ਸ਼ਰਮਾ 13 ਦਿਨਾਂ ਤੋਂ ਫਰਾਰ ਚੱਲ ਰਿਹਾ ਹੈ, ਜਿਸ ਦੀ ਭਾਲ ਵਿਚ ਪੁਲਸ ਵਲੋਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਪਰ ਮੁਲਜ਼ਮ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ ਤੇ ਪੁਲਸ ਦੱਸ ਰਹੀ ਹੈ ਕਿ ਅਮਿਤ ਦੀ ਲੋਕੇਸ਼ਨ ਵਾਰ-ਵਾਰ ਬਦਲ ਰਹੀ ਹੈ । ਪੁਲਸ ਦਾ ਦਾਅਵਾ ਹੈ ਕਿ ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।  
ਥਾਣਾ ਸਿਟੀ ਖਰੜ ਦੇ ਇੰਚਾਰਜ ਰਾਜੇਸ਼ ਹਸਤੀਰ ਨੇ ਦੱਸਿਆ ਕਿ ਅਮਿਤ ਸ਼ਰਮਾ ਨੂੰ ਗ੍ਰਿਫਤਾਰ ਕਰਨ ਲਈ ਕਈ ਵਾਰ ਰੇਡ ਕੀਤੀ ਗਈ ਪਰ ਉਹ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਫਰਾਰ ਹੋ ਜਾਂਦਾ ਹੈ । ਉਸਦੀ ਲੋਕੇਸ਼ਨ ਵੀ ਵਾਰ-ਵਾਰ ਬਦਲ ਰਹੀ ਹੈ । ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਅਮਿਤ ਸ਼ਰਮਾ ਸ਼ਿਵਜੋਤ ਇਨਕਲੇਵ ਵਿਚ ਰਹਿੰਦਾ ਸੀ ਤੇ ਉਥੇ ਅਮਿਤ ਦਾ ਕੋਈ ਨਜ਼ਦੀਕੀ ਉਸ ਦੇ ਫਲੈਟ 'ਤੇ ਇਕ ਟਰੱਕ ਲੈ ਕੇ ਪਹੁੰਚਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅਮਿਤ ਦੇ ਫਲੈਟ ਵਿਚੋਂ ਸਾਰਾ ਸਾਮਾਨ ਟਰੱਕ ਵਿਚ ਲੋਡ ਕੀਤਾ ਤੇ ਉਥੋਂ ਚਲਾ ਗਿਆ । ਉਨ੍ਹਾਂ ਕੋਲ ਸੂਚਨਾ ਸੀ ਕਿ ਅਮਿਤ ਖੁਦ ਆਇਆ ਸੀ ਪਰ ਅਜਿਹਾ ਨਹੀਂ ਸੀ ।  
ਬੜੀ ਹੈਰਾਨੀ ਦੀ ਗੱਲ ਹੈ ਕਿ ਅਮਿਤ ਸ਼ਰਮਾ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਹੈ ਤੇ ਜਿਹੜੇ ਸੁਰੱਖਿਆ ਕਰਮਚਾਰੀ ਉਸ ਦੀ ਸੁਰੱਖਿਆ ਵਿਚ ਤਾਇਨਾਤ ਕੀਤੇ ਗਏ ਹਨ, ਉਹ ਵੀ ਉਸ ਦੇ ਨਾਲ ਹਨ ਪਰ ਫਿਰ ਵੀ ਪੁਲਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਜਾਂ ਇਹ ਕਹੋ ਕਿ ਉਸ ਨੂੰ ਜਾਣਬੁੱਝ ਕੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਕ ਪਾਸੇ ਤਾਂ ਉਸ ਨੂੰ ਭੱਜਣ ਤੋਂ ਬਾਅਦ ਵੀ ਸੁਰੱਖਿਆ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਥਾਣਾ ਸਿਟੀ ਖਰੜ ਵਲੋਂ ਸੁਰੱਖਿਆ ਵਿਚ ਤਾਇਨਾਤ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਲਈ ਇਕ ਵੀ ਪੱਤਰ ਨਹੀਂ ਦਿੱਤਾ ਗਿਆ । ਇਸ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਕਿਤੇ ਨਾ ਕਿਤੇ ਪੁਲਸ ਵੀ ਅਮਿਤ ਨੂੰ ਗ੍ਰਿਫਤਾਰੀ ਤੋਂ ਬਚਾਉਣ ਵਿਚ ਲੱਗੀ ਹੋਈ ਹੈ ।