ਸ਼ਿਵ ਲਾਲ ਡੋਡਾ ਤੇ ਉਸ ਦੇ ਭਤੀਜੇ ਨੂੰ ਅੰਮ੍ਰਿਤਸਰ ਜੇਲ ਤੋਂ ਕੀਤਾ ਟਰਾਂਸਫਰ

05/02/2018 1:37:06 AM

ਦਲਿਤ ਨੌਜਵਾਨ ਭੀਮ ਟਾਂਕ ਦੀ ਹੱਤਿਆ ਦੇ ਮਾਮਲੇ 'ਚ 
ਅਬੋਹਰ(ਸੁਨੀਲ)—11 ਦਸੰਬਰ 2015 ਨੂੰ ਪਿੰਡ ਰਾਮਸਰਾ ਦੇ ਫਾਰਮ ਹਾਊਸ ਵਿਚ 27 ਸਾਲਾ ਦਲਿਤ ਨੌਜਵਾਨ ਭੀਮ ਟਾਂਕ ਦੀ ਹੱਤਿਆ ਦੇ ਮਾਮਲੇ ਵਿਚ ਸਾਜ਼ਿਸ਼ਕਰਤਾ ਦੇ ਤੌਰ 'ਤੇ ਨਾਮਜ਼ਦ ਸ਼ਰਾਬ ਵਪਾਰੀ ਅਤੇ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਸ਼ਿਵ ਲਾਲ ਡੋਡਾ ਨੂੰ ਅੰਮ੍ਰਿਤਸਰ ਤੋਂ ਗੁਰਦਾਸਪੁਰ ਅਤੇ ਉਸ ਦੇ ਭਤੀਜੇ ਅਮਿਤ ਡੋਡਾ ਨੂੰ ਅੰਮ੍ਰਿਤਸਰ ਤੋਂ ਕਪੂਰਥਲਾ ਜੇਲ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ । ਇਸ ਗੱਲ ਦੀ ਪੁਸ਼ਟੀ ਸਹਾਇਕ ਪੁਲਸ ਮਹਾਨਿਦੇਸ਼ਕ (ਜੇਲ) ਆਈ. ਪੀ. ਐੱਸ. ਸਹੋਤਾ ਨੇ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਚਾਚਾ-ਭਤੀਜੇ ਨੂੰ ਇਕ ਹੀ ਜੇਲ ਵਿਚ ਰੱਖਣ ਬਾਰੇ ਸੂਬਾ ਸਰਕਾਰ ਨੂੰ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸੀ ਕਿ ਉਹ ਉਥੇ ਬਹਿ ਕੇ ਵੀ ਕਥਿਤ ਰੂਪ ਤੋਂ ਆਪਣਾ ਕੰਮ-ਧੰਦਾ ਚਲਾ ਰਹੇ ਹਨ। ਇਹ ਮਾਮਲਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਧਿਆਨ ਵਿਚ ਵੀ ਆਇਆ। ਉਨ੍ਹਾਂ ਜੇਲ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਸ ਵਿਸ਼ੇ 'ਤੇ ਚਰਚਾ ਤੋਂ ਬਾਅਦ ਦੋਵਾਂ ਨੂੰ ਹੋਰ ਥਾਂ ਜੇਲਾਂ 'ਚ ਟਰਾਂਸਫਰ ਕਰਨ ਦੀ ਗੱਲ ਕਹੀ।  ਜ਼ਿਕਰਯੋਗ ਹੈ ਕਿ ਉੱਚ ਅਦਾਲਤ ਵੱਲੋਂ ਜ਼ਮਾਨਤ ਮੰਗ ਰੱਦ ਹੋਣ ਤੋਂ ਬਾਅਦ ਸ਼ਿਵ ਲਾਲ ਡੋਡਾ ਨੇ 22 ਜਨਵਰੀ 2016 ਨੂੰ ਜ਼ਿਲਾ ਫਾਜ਼ਿਲਕਾ ਪੁਲਸ ਦੇ ਸਾਹਮਣੇ ਆਤਮਸਮਰਪਨ ਕੀਤਾ ਸੀ । ਭੀਮ ਟਾਂਕ ਦੀ ਮਾਤਾ ਕੌਸ਼ਲਿਆ ਦੇਵੀ ਅਤੇ ਭੀਮ ਟਾਂਕ ਕਤਲਕਾਂਡ ਸੰਘਰਸ਼ ਕਮੇਟੀ ਦੇ ਸੰਯੋਜਕ ਗੋਪੀ ਚੰਦ ਸਾਂਦੜ ਨੇ ਸੂਬਾ ਸਰਕਾਰ ਨੂੰ ਭੇਜੇ ਪੱਤਰਾਂ 'ਚ ਇਸ ਗੱਲ 'ਤੇ ਇਤਰਾਜ਼ ਪ੍ਰਗਟ ਕੀਤਾ ਸੀ ਕਿ ਲਗਭਗ 1 ਸਾਲ ਤੋਂ ਸ਼ਿਵ ਲਾਲ ਅਤੇ ਉਸ ਦੇ ਭਤੀਜੇ ਅਮਿਤ ਨੂੰ ਕਾਇਦਾ ਕਾਨੂੰਨ ਦੇ ਉਲਟ ਫਾਜ਼ਿਲਕਾ ਦੀ ਉਪ ਜੇਲ ਵਿਚ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਥੇ ਸਾਰੀਆਂ ਸਹੂਲਤਾਂ ਉਪਲੱਬਧ ਹਨ ਪਰ ਅਕਾਲੀ-ਭਾਜਪਾ ਸਰਕਾਰ ਨੇ ਇਸ ਸ਼ਿਕਾਇਤ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ । ਵਿਧਾਨ ਸਭਾ ਚੋਣ ਦੀ ਘੋਸ਼ਣਾ ਹੋਣ ਤੋਂ ਬਾਅਦ ਚੋਣ ਕਮਿਸ਼ਨ ਦੇ ਨਿਰਦੇਸ਼ 'ਤੇ ਜ਼ਿਲਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ 5 ਜਨਵਰੀ 2017 ਦੀ ਸ਼ਾਮ ਜਦ ਉਪ ਜੇਲ 'ਤੇ ਛਾਪਾ ਮਾਰਿਆ ਤਾਂ ਉਥੇ 25 ਅਕਾਲੀ-ਭਾਜਪਾ ਕਰਮਚਾਰੀ ਮੌਜੂਦ ਮਿਲੇ, ਜੋ ਦੋਵਾਂ ਨਾਲ ਮੁਲਾਕਾਤ ਕਰਨ ਆਏ ਸਨ । ਇਸ ਤੋਂ ਬਾਅਦ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਇਨ੍ਹਾਂ ਦੋਵਾਂ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਟਰਾਂਸਫਰ ਕਰ ਦਿੱਤਾ ਗਿਆ।