37 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਗੋਲੀ ਨਾਲ ਛੱਲਣੀ ਬੀੜ ਸਾਹਿਬ ਦੀ ਯਾਦ ਕਿਉਂ ਆਈ : ਸਿਮਰਨਜੀਤ ਸਿੰਘ ਮਾਨ

06/08/2021 1:43:05 PM

ਅੰਮ੍ਰਿਤਸਰ (ਜ. ਬ.) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਸੁਪਰੀਮੋ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਅੰਮ੍ਰਿਤਸਰ ਵਿਖੇ ਇਕ ਮੀਟਿੰਗ ਹੋਈ, ਜਿਸ ’ਚ ਗੰਭੀਰ ਪੰਥਕ ਮਸਲਿਆਂ ਨੂੰ ਲੈ ਕੇ ਵਿਚਾਰਾਂ ਹੋਈਆਂ। ਇਸ ਮੀਟਿੰਗ ’ਚ ਕੌਮੀ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜ਼ਿਲਾ ਪ੍ਰਧਾਨ ਹਰਜੀਤ ਸਿੰਘ ਮੀਆਂਪੁਰ, ਐਡਵੋਕੇਟ ਨਵਪ੍ਰੀਤ ਸਿੰਘ ਮੰਨਣ ਮੀਡੀਆ ਸਕੱਤਰ ਹਰਬੀਰ ਸਿੰਘ ਸੰਧੂ, ਜਸਬੀਰ ਸਿੰਘ ਬੱਚਡ਼ੇ, ਪ੍ਰਮਿੰਦਰਪਾਲ ਸਿੰਘ ਸ਼ੁੱਕਰਚੱਕੀਆ, ਬਲਵਿੰਦਰ ਸਿੰਘ ਕਾਲਾ, ਸੁਖਵੰਤ ਸਿੰਘ, ਪਰਵਿੰਦਰ ਸਿੰਘ, ਤਰਸੇਮ ਸਿੰਘ, ਤਨਵੀਰ ਸਿੰਘ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ। ਗੱਲਬਾਤ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤਿ ਦਾ ਦਰਜਾ ਦਿੱਤਾ ਗਿਆ ਹੈ ਪਰ ਸ਼੍ਰੋਮਣੀ ਕਮੇਟੀ ਨੂੰ 37 ਸਾਲਾਂ ਬਾਅਦ ਹੀ 1984 ਦੇ ਘੱਲੂਘਾਰੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਹੁੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੱਲਣੀ ਹੋਏ ਸਰੂਪ ’ਚੋਂ ਗੋਲੀ ਕੱਢ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਵਾਉਣ ਦੀ ਯਾਦ ਕਿਉਂ ਆਈ, ਪਹਿਲਾਂ ਕਿਉਂ ਨਹੀਂ ਆਈ। ਉਨ੍ਹਾਂ ਕਿਹਾ ਕਿ ਨਾ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਨਾ ਹੀ ਤੋਸ਼ੇ ਖਾਨੇ ਦੇ ਕੀਮਤੀ ਖਜ਼ਾਨੇ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਵੱਲੋਂ ਸੈਂਟਰ ਸਰਕਾਰ ਕੋਲੋਂ ਅਤੇ ਫੌਜ ਕੋਲੋਂ ਮੰਗੀ ਗਈ।

ਇਹ ਵੀ ਪੜ੍ਹੋ : ਗੁਰਦੁਆਰਾ ਰਕਾਬਗੰਜ ਵਿਖੇ ਫ਼ਿਲਮੀ ਗੀਤ ਵੱਜਣ ’ਤੇ ਜਾਗੋ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਸ਼ਿਕਾਇਤ

 

ਸੱਚਖੰਡ ਦੀ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਜੋ ਉਤਾਰੇ ਹਾਲੇ ਤੱਕ ਨਹੀਂ ਲਵਾਏ ਗਏ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ-ਤਾਰਨ ਸਾਹਿਬ ਦੀ ਦਰਸ਼ਨੀ ਡਿਓੜੀ, ਜਿਸ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌ-ਨਿਹਾਲ ਸਿੰਘ ਨੇ ਕਰਵਾਈ, ਸ਼੍ਰੋਮਣੀ ਕਮੇਟੀ ਦੇ ਦਸਤਖਤੀ ਆਰਡਰਾਂ ਅਨੁਸਾਰ ਬਾਬਾ ਜਗਤਾਰ ਸਿੰਘ ਨਾਲ ਰਲ ਕੇ ਤੋੜਨੀ ਸ਼ੁਰੂ ਕਰ ਦਿੱਤੀ, ਜੇ ਅਸੀਂ ਮੌਕੇ ’ਤੇ ਨਾ ਪਹੁੰਚਦੇ ਤਾਂ ਉਹ ਢਹਿ-ਢੇਰੀ ਕਰ ਦਿੱਤੀ ਜਾਣੀ ਸੀ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕੀਮਤੀ ਖਜ਼ਾਨੇ ਅਤੇ ਇਮਾਰਤਾਂ ਕਿੱਥੇ-ਕਿੱਥੇ ਅਤੇ ਕਿਹੜੀਆਂ-ਕਿਹੜੀਆਂ ਨੇ। 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਿੱਥੇ ਨੇ, ਕੌਣ ਲੈ ਗਿਆ ਅਤੇ ਕਿਸ ਨੂੰ ਦਿੱਤੇ ਨੇ, ਜਿਨ੍ਹਾਂ ਲਈ ਅਸੀਂ ਜੁਡੀਸ਼ੀਅਲ ਕਮਿਸ਼ਨ ’ਚ ਕੇਸ ਵੀ ਕੀਤਾ ਹੈ, ਹਾਲੇ ਤੱਕ ਨਹੀਂ ਦੱਸੇ। 1925 ’ਚ ਹੋਂਦ ’ਚ ਆਈ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ 2010 ਤੋਂ ਬਾਅਦ ਹਾਲੇ ਤੱਕ ਨਹੀਂ ਹੋਈ। ਬਰਗਾੜੀ, ਬਹਿਬਲ ਕਲਾਂ ਅਤੇ ਕੋਟ ਕਪੂਰਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਨਸਾਫ ਮੰਗ ਰਹੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਦਾ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਪਾਕਿਸਤਾਨ ਜਾਂ ਹੋਰ ਕਿਸੇ ਵੀ ਮੁਸਲਮਾਨ ਦੇਸ਼ ’ਚ ਜੇਕਰ ਕੁਰਾਨ ਦੀ ਬੇਅਦਬੀ ਹੋ ਜਾਵੇ ਤਾਂ ਸਿੱਧੀ ਫਾਂਸੀ ਦਿੱਤੀ ਜਾਂਦੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਅਨੇਕਾਂ ਬੇਅਦਬੀਆਂ ਹੋ ਰਹੀਆਂ ਨੇ ਕਿਉਂ ਇਨਸਾਫ ਨਹੀਂ ਮਿਲਦਾ, ਜਿਸ ਜੱਜ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸਿੱਟ ਦਾ ਇਨਸਾਫ ਦੇਣਾ ਸੀ, ਉਸ ਨੇ ਸਿੱਟ ਹੀ ਰੱਦ ਕਰ ਦਿੱਤੀ। ਆਖਿਰ ’ਚ ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਸਾਡੇ ਕੋਲ ਹੋਵੇ ਤਾਂ ਅਸੀਂ ਪਾਰਲੀਮੈਂਟ ’ਚ ਇਕ ਮਤਾ ਪਾਸ ਕਰ ਕੇ ਉਸ ਜੱਜ ਖਿਲਾਫ ਮੁਕੱਦਮਾ ਕਰੀਏ।

ਇਹ ਵੀ ਪੜ੍ਹੋ : ਕੈਪਟਨ ਸਰਕਾਰ ਹੁਣ ਆਖਰੀ ਸਾਹਾਂ ’ਤੇ : ਬੋਨੀ ਅਜਨਾਲਾ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

Anuradha

This news is Content Editor Anuradha