ਸ਼੍ਰੋਮਣੀ ਅਕਾਲੀ ਦਲ ਅੱਜ ਕਰੇਗਾ ਸੂਬੇ ਭਰ ''ਚ ਰੋਸ ਪ੍ਰਦਸ਼ਨ

09/01/2018 8:43:23 AM

ਚੰਡੀਗੜ੍ਹ— ਸ਼੍ਰੋਮਣੀ ਅਕਾਲੀ ਦਲ ਅੱਜ ਕਾਂਗਰਸ ਖਿਲਾਫ ਸਾਰੇ 117 ਵਿਧਾਨ ਸਭਾ ਹਲਕਿਆਂ 'ਚ ਹਲਕਾ ਪੱਧਰੀ ਰੋਸ ਮੁਜ਼ਾਹਰੇ ਕਰੇਗਾ, ਜਿਨ੍ਹਾਂ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੀ. ਪੀ. ਸੀ. ਮੁਖੀ ਸੁਨੀਲ ਜਾਖੜ ਦੇ ਪੁਤਲੇ ਸਾੜੇ ਜਾਣਗੇ, ਜਦੋਂ ਕਿ 9 ਸਤੰਬਰ ਨੂੰ ਪਾਰਟੀ ਵੱਲੋਂ ਪੋਲ ਖੋਲ੍ਹ ਰੈਲੀ ਸ਼ੁਰੂ ਕੀਤੀ ਜਾਵੇਗੀ। ਅਕਾਲੀ ਦਲ ਨੇ ਪਿਛਲੀ ਦਿਨੀਂ ਪਾਰਟੀ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਜ਼ਿਲ੍ਹਾ ਆਬਜ਼ਰਵਰਾਂ ਨਾਲ ਬੈਠਕ 'ਚ ਸੁਨੀਲ ਜਾਖੜ ਦੀ ਅਕਾਲੀ ਆਗੂਆਂ ਨੂੰ ਪਿੰਡਾਂ 'ਚ ਦਾਖਲ ਨਾ ਹੋਣ ਦੇਣ ਦੀ ਧਮਕੀ ਦਾ ਠੋਕਵਾਂ ਜਵਾਬ ਪੋਲ ਖੋਲ੍ਹ ਰੈਲੀ ਨਾਲ ਦੇਣ ਦਾ ਫੈਸਲਾ ਕੀਤਾ ਹੈ। ਸੁਨੀਲ ਜਾਖੜ ਵੱਲੋਂ ਦਿੱਤੀ ਧਮਕੀ ਦਾ ਜਵਾਬ ਦੇਣ ਲਈ ਅਕਾਲੀ ਦਲ 9 ਸਤੰਬਰ ਨੂੰ ਜਾਖੜ ਦੇ ਸ਼ਹਿਰ ਅਬੋਹਰ ਵਿਖੇ 'ਪੋਲ ਖੋਲ੍ਹ' ਰੈਲੀ ਕਰੇਗਾ।

ਉੱਥੇ ਹੀ 15 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੀ ਦੂਜੀ ਪੋਲ ਖੋਲ੍ਹ ਰੈਲੀ ਫਰੀਦਕੋਟ 'ਚ ਕਰੇਗਾ। ਇਸ ਰੈਲੀ ਦੀ ਪ੍ਰਧਾਨਗੀ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੀਤੀ ਜਾਵੇਗੀ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਲੜੀ ਤਹਿਤ ਪਹਿਲੀ ਪੋਲ ਖੋਲ੍ਹ ਰੈਲੀ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਦਾ ਹੰਕਾਰ ਤੋੜਨ ਲਈ 9 ਸਤੰਬਰ ਨੂੰ ਅਬੋਹਰ ਵਿਖੇ ਕੀਤੀ ਜਾਵੇਗੀ, ਜਿਸ ਨੇ ਅਕਾਲੀ ਆਗੂਆਂ ਨੂੰ ਇਹ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਰੀਦਕੋਟ ਵਾਲੀ ਰੈਲੀ ਅਕਾਲੀ ਦਲ ਦੀ ਲੜਾਈ ਨੂੰ ਹੋਰ ਤੇਜ਼ ਕਰਦੀ ਹੋਈ ਉਨ੍ਹਾਂ ਸਾਜ਼ਿਸ਼ਕਾਰਾਂ ਦਾ ਪਰਦਾਫਾਸ਼ ਕਰੇਗੀ, ਜਿਹੜੇ ਸੂਬੇ ਅੰਦਰ ਮੁਸ਼ਕਿਲ ਨਾਲ ਹਾਸਿਲ ਕੀਤੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਮੁੜ ਤੋਂ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।