ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਥਰਡ ਫਰੰਟ ਦੇ ਗਠਨ ਵੱਲ ਵਧਾਇਆ ਕਦਮ

08/13/2021 11:18:54 AM

ਚੰਡੀਗੜ੍ਹ (ਅਸ਼ਵਨੀ):  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਚ ਥਰਡ ਫਰੰਟ ਵੱਲ ਪਹਿਲਾ ਕਦਮ ਵਧਾ ਦਿੱਤਾ ਹੈ। ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੀ ਸਰਪ੍ਰਸਤ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ, ਭੀਮ ਆਰਮੀ ਦੇ ਕੌਮੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਵਰਚੁਅਲ ਤੌਰ ’ਤੇ ਅਤੇ ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੇ ਪ੍ਰਧਾਨ ਬੂਟਾ ਸਿੰਘ ਰਣਸੀਂਹ , ਜਨਤਾ, ਜਨਤਾ ਦਲ (ਸੈਕੂਲਰ) ਦੇਵਗੌੜਾ ਦੇ ਪ੍ਰਦੇਸ਼ ਪ੍ਰਧਾਨ ਮਾਸਟਰ ਅਵਤਾਰ ਸਿੰਘ, ਜਨਤਾ ਦਲ ਯੂਨਾਈਟਡ ਦੇ ਪ੍ਰਦੇਸ਼ ਪ੍ਰਧਾਨ ਮਨਵਿੰਦਰਪਾਲ ਸਿੰਘ ਬੈਨੀਪਾਲ, ਇੰਡੀਅਨ ਯੂਨੀਅਨ ਮੁਸਲਿਮ ਲੀਗ (ਬਨਾਤਵਾਲਾ) ਤਾਲਮੇਲ ਕਮੇਟੀ ਦੇ ਕੌਮੀ ਸਕੱਤਰ ਮਕਸੂਦ-ਉਲ-ਹੱਕ ਇਕ ਮੰਚ ’ਤੇ ਇਕੱਠੇ ਹੋਏ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਨਵੇਂ ਗਠਜੋੜ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ :  ਮੋਟਰਸਾਈਕਲ-ਪਿੱਕਅਪ ਦੀ ਟੱਕਰ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ,ਘਰ ’ਚ ਵਿਛੇ ਸੱਥਰ

ਇਸ ਦੌਰਾਨ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਤੀਜਾ ਬਦਲ ਚਾਹੁੰਦੀ ਹੈ। ਬਾਦਲ ਪਰਿਵਾਰ ਨੇ ਸਿੱਖ ਧਰਮ ਨੂੰ ਬੇਹੱਦ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਉਥੇ ਹੀ, ਢੀਂਡਸਾ ਨੇ ਕਿਹਾ ਕਿ ਅੱਜ ਮਹੰਤਾਂ ਦੀ ਜਗ੍ਹਾ ਬਾਦਲਾਂ ਨੇ ਲੈ ਲਈ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਮਹੰਤ ਦੀ ਤਰ੍ਹਾਂ ਬਾਦਲਾਂ ਨੂੰ ਵੀ ਪੰਥ ਤੋਂ ਚੱਲਦਾ ਕੀਤਾ ਜਾਵੇ। ਪਾਰਟੀਆਂ ਦੇ ਗੱਠਜੋੜ ’ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਦੂਰ ਕਰਨ ਲਈ ਹਮਖਿਆਲੀ ਪਾਰਟੀਆਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਤੀਜਾ ਫਰੰਟ ਬਣਾਉਣ ਦੀ ਦਿਸ਼ਾ ਵਿਚ ਇਹ ਗਠਜੋੜ ਪਹਿਲਾ ਕਦਮ ਹੈ।

ਇਹ ਵੀ ਪੜ੍ਹੋ : ਸੰਨੀ ਦਿਓਲ ਦਾ ਪੱਤਰ ਬਣਿਆ ਚਰਚਾ ਦਾ ਵਿਸ਼ਾ, ਵਿਧਾਇਕ ਦੀ ਕੁੜੀ ਲਈ ਥਾਰ ਗੱਡੀ ਦੀ ਕੀਤੀ ਸੀ ਸਿਫਾਰਿਸ਼

ਢੀਂਡਸਾ ਨੇ ਕਿਹਾ ਕਿ ਪੰਜਾਬ ਵਿਚ ਗਾਇਬ ਹੋ ਗਈ ਇੰਡਸਟਰੀ ਨੂੰ ਵਾਪਸ ਲਿਆਂਦਾ ਜਾਵੇਗਾ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਵਾਲੇ ਮਾਫੀਆ ਤੋਂ ਸੂਬੇ ਨੂੰ ਆਜ਼ਾਦ ਕਰਵਾਇਆ ਜਾਵੇਗਾ। 2025 ਤੱਕ ਖੇਤੀਬਾੜੀ ਆਮਦਨ 50 ਫੀਸਦੀ ਤੱਕ ਵਧਾ ਦਿੱਤੀ ਜਾਵੇਗੀ। ਪੰਜਾਬ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ ਤਾਂ ਕਿ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨਾ ਜਾਵੇ। ਢੀਂਡਸਾ ਨੇ ਕੇਂਦਰੀ ਖੇਤੀਬਾੜੀ ਕਨੂੰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਆਉਣ ’ਤੇ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਖਤਮ ਕਰਨ ਲਈ ਵਿਧਾਨਸਭਾ ਵਿਚ ਮਤਾ ਪਾਸ ਕਰਨਗੇ ਅਤੇ ਨਵਾਂ ਕਾਨੂੰਨ ਬਣਾ ਕੇ ਫੈਡਰਲ ਢਾਂਚਾ ਮਜਬੂਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਵਿਆਹ ਕਰਵਾ ਕੇ ਮੁੰਡੇ ਨੂੰ ਵਿਦੇਸ਼ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸੋਚਿਆ ਨਾ ਸੀ

ਇਸ ਮੌਕੇ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਐੱਮ.ਐੱਲ. ਤੋਮਰ ਅਤੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਬੈਠਕ ਦੌਰਾਨ ਬਲਵੰਤ ਸਿੰਘ ਰਾਮੂਵਾਲੀਆ, ਜਗਦੀਸ਼ ਸਿੰਘ ਗਰਚਾ, ਬੀਰਦਵਦਿੰਰ ਸਿੰਘ, ਜਸਟਿਸ ਨਿਰਮਲ ਸਿੰਘ, ਪਰਮਜੀਤ ਕੌਰ ਗੁਲਸ਼ਨ, ਪਰਮਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਤਲਵੰਡੀ, ਦੇਸਰਾਜ ਸਿੰਘ ਧੁੱਗਾ, ਰਵਿੰਦਰ ਸਿੰਘ ਬ੍ਰਹਮਪੁਰਾ, ਮਾਨ ਸਿੰਘ ਗਰਚਾ, ਮਨਪ੍ਰੀਤ ਸਿੰਘ ਤਲਵੰਡੀ, ਹਰਜਿੰਦਰ ਸਿੰਘ ਗਰਚਾ, ਕਰਨੈਲ ਸਿੰਘ ਪੀਰ ਮੁਹੰਮਦ, ਦਵਿੰਦਰ ਸਿੰਘ ਸੋਢੀ, ਮਨਿੰਦਰਪਾਲ ਸਿੰਘ ਬਰਾੜ, ਜਸਵਿੰਦਰ ਸਿੰਘ, ਹਰਵੀਰ ਸਿੰਘ ਢੀਂਡਸਾ, ਰਣਬੀਰ ਸਿੰਘ ਲਿਬੜਾ, ਸੁਰਿੰਦਰ ਸਿੰਘ ਸੋਢੀ ਅਤੇ ਹਰਗੀਤ ਸਿੰਘ ਰਣਸੀਂਹ ਵੀ ਮੌਜੂਦ ਸਨ।

Shyna

This news is Content Editor Shyna