ਪ੍ਰੋਟੋਕੋਲ ਉਲੰਘਣ ਮਾਮਲੇ ''ਚ ਸਿੱਧੂ ਖਿਲਾਫ਼ ਕਾਰਵਾਈ ਹੋਵੇ : ਅਕਾਲੀ ਦਲ

08/19/2017 2:08:31 PM

ਚੰਡੀਗੜ੍ਹ (ਪਰਾਸ਼ਰ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰ ਅਤੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਲਈ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਆਖਿਆ ਹੈ, ਜਿਸ ਨੇ ਫਿਰੋਜ਼ਪੁਰ ਵਿਚ ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ ਗਾਰਡ ਆਫ ਆਨਰ ਦੀ ਰਸਮ ਵਿਚ ਬਹੁਤ ਸਾਰੇ ਕਾਂਗਰਸੀ ਆਗੂਆਂ ਨੂੰ ਸ਼ਾਮਿਲ ਕਰਕੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ।
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜ਼ਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਂਗਰਸੀ ਮੰਤਰੀ ਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾਣੀ ਬਣਦੀ ਹੈ, ਜਿਸ ਨੂੰ ਇਕ ਗੰਭੀਰ ਸਮਾਗਮ ਦੀ ਪਵਿੱਤਰਤਾ ਭੰਗ ਕਰਨ ਦਾ ਰੱਤੀ ਭਰ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਖਿਲਾਫ ਕਾਰਵਾਈ ਕਰਨਾ ਇਸ ਲਈ ਵੀ ਜ਼ਰੂਰੀ ਹੋ ਗਿਆ ਹੈ, ਕਿਉਂਕਿ ਇਸ ਸਾਰੀ ਗਲਤੀ ਦੀ ਜ਼ਿੰਮੇਵਾਰੀ ਇਕ ਨਿਰਦੋਸ਼ ਪੁਲਸ ਅਧਿਕਾਰੀ ਉੁਤੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਕਹਿੰਦਿਆਂ ਰਾਸ਼ਟਰੀ ਗੌਰਵ ਨੂੰ ਸੱਟ ਨਿਰੋਲ ਨਵਜੋਤ ਸਿੱਧੂ ਦੀ ਗਲਤੀ ਕਰਕੇ ਵੱਜੀ ਹੈ, ਅਕਾਲੀ ਆਗੂ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਸਟੇਜ ਤੋਂ ਉਤਰਨ ਮਗਰੋਂ ਚਾਰ ਕਾਂਗਰਸੀ ਆਗੂਆਂ ਨੂੰ ਆਪਣੇ ਨਾਲ ਪਰੇਡ ਗਰਾਊਂਡ ਵਿਚ ਲੈ ਗਿਆ। ਉਨ੍ਹਾਂ ਕਿਹਾ ਕਿ ਮੰਤਰੀ ਨੇ ਕਾਂਗਰਸੀ ਆਗੂਆਂ ਉਤੇ ਜ਼ੋਰ ਪਾਇਆ ਕਿ ਗਾਰਡ ਆਫ ਆਨਰ ਦੀ ਰਸਮ ਦੌਰਾਨ ਉਹ ਉਸਦੇ ਨਾਲ ਰਹਿਣ। ਇਹੀ ਵਜ੍ਹਾ ਸੀ ਕਿ ਐੱਸ. ਐੱਸ. ਪੀ. ਅਤੇ ਡੀ. ਐੱਸ. ਪੀ. ਉਨ੍ਹਾਂ ਨੂੰ ਸਲਾਮੀ ਲੈਣ ਵਾਲੇ ਵਾਹਨ ਉਤੇ ਚੜ੍ਹਣ ਤੋਂ ਰੋਕ ਨਹੀਂ ਪਾਏ ਅਤੇ ਵਾਹਨ ਅੰਦਰ ਭੀੜ ਹੋ ਗਈ। ਗਰੇਵਾਲ ਨੇ ਕਿਹਾ ਕਿ ਸਿੱਧੂ ਵੱਲੋਂ ਸ਼ਰੇਆਮ ਰਾਸ਼ਟਰੀ ਝੰਡੇ ਦੀ ਕੀਤੀ ਬੇਅਦਬੀ ਇਸ ਤੱਥ ਤੋਂ ਵੀ ਸਾਬਿਤ ਹੁੰਦੀ ਹੈ ਕਿ ਉਸ ਨੇ ਇਕ ਵਾਰ ਵੀ ਕਾਂਗਰਸੀ ਆਗੂਆਂ ਨੂੰ ਸਲਾਮੀ ਵਾਲੇ ਵਾਹਨ ਉਪਰ ਚੜ੍ਹਨ ਤੋਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।