ਨਗਰ ਨਿਗਮ ਚੋਣਾਂ : ਭਾਜਪਾ, ਅਕਾਲੀ ਦਲ ਤੇ 'ਆਪ' ਦੇ ਉਮੀਦਵਾਰਾਂ ਦੇ ਪੇਪਰ ਰੱਦ ਹੋਣ ਦੇ ਰੋਸ ਵਜੋਂ ਡੀ. ਸੀ. ਦਫਤਰ ਦਾ ਘਿ

12/07/2017 5:47:46 PM

ਪਟਿਆਲਾ (ਬਜਿੰਦਰ) — ਪਟਿਆਲਾ 'ਚ ਡੀ. ਸੀ. ਦਫਤਰ 'ਤੇ ਵੀਰਵਾਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਲੋਂ ਧਰਨਾ ਪ੍ਰਦਰਸ਼ਨ ਕੀਤਾ, ਕਿਉਂਕਿ ਉਨ੍ਹਾਂ ਦੇ ਮੁਤਾਬਕ ਪਟਿਆਲਾ ਪ੍ਰਸ਼ਾਸਨ ਨੇ ਭਰੇ ਗਏ ਨਾਮਜ਼ਦਗੀ ਪੱਤਰਾਂ 'ਚ ਖਾਮੀਆਂ ਕੱਢ ਕੇ ਉਨ੍ਹਾਂ ਨੂੰ ਰੱਦ ਕਰ ਦਿੱਤਾ, ਜਿਸ ਦੇ ਵਿਰੋਧ 'ਚ ਵੀਰਵਾਰ ਅਕਾਲੀ ਦਲ ਤੇ 'ਆਪ' ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਨ੍ਹਾਂ ਵਾਰਡਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਏ ਗਏ, ਉਨ੍ਹਾਂ 'ਚੋਂ ਵਾਰਡ ਨੰਬਰ 42 ਤੇ 41 ਹਨ। ਅਕਾਲੀ ਦਲ ਨੇ ਦੋਸ਼ ਲਗਾਇਆ ਕਿ ਵਾਰਡ 42 'ਚ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਕਾਗਜ ਰੱਦ ਹੋਏ ਹਨ।
ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਕਾਂਗਰਸ ਧੱਕਾ ਕਰ ਰਹੀ ਹੈ। ਉਹ ਬਿਨ੍ਹਾਂ ਲੜੇ ਹੀ ਚੋਣ ਜਿੱਤਣਾ ਚਾਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੇ ਕਈ ਵਾਰਡਾਂ 'ਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ 'ਚ ਖਾਮੀਆਂ ਕੱਢੀਆਂ ਤੇ ਉਨ੍ਹਾਂ ਨੂੰ ਰੱਦ ਕਰਵਾ ਦਿੱਤਾ ਗਿਆ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਰਖੜਾ ਨੇ ਕਿਹਾ ਕਿ 10,25,41,42 ਵਾਰਡਾਂ 'ਚ ਉਮੀਦਵਾਰਾਂ ਦੇ ਨਾਂ ਰੱਦ ਹੋਏ ਸਨ ਪਰ ਹੁਣ 41 ਤੇ 42 ਵਾਰਡ 'ਚ ਅਜੇ ਵੀ ਉਮੀਦਵਾਰਾਂ ਦੇ ਪੇਪਰ ਰੱਦ ਕਰਵਾਏ ਹਨ, ਇਥੇ ਕਾਂਗਰਸ ਦੇ ਮੇਅਰ ਦੇ ਦਾਅਵੇਦਾਰ ਚੋਣ ਮੈਦਾਨ 'ਚ ਹਨ। 
ਇਸ ਸੰਬੰਧੀ ਡੀ. ਸੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ, ਜਦੋਂ ਉਨ੍ਹਾਂ ਕੋਲ ਸ਼ਿਕਾਇਤ ਆਵੇਗੀ ਤਾਂ ਉਹ ਜ਼ਰੂਰ ਕਾਰਵਾਈ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਧਾਰਾ 144 ਦੀ ਉਲੰਘਣਾ ਕਰਨ ਵਾਲਿਆਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਐੱਸ. ਡੀ. ਐੱਮ. ਪਟਿਆਲਾ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਜਤਾਇਆ ਕਿ ਜੋ ਕੁਝ ਵੀ ਹੋਵੇਗਾ ਉਹ ਕਾਨੂੰਨ ਦੇ ਹਿਸਾਬ ਨਾਲ ਹੋਵੇਗਾ, ਜਿਸ ਤੋਂ ਬਾਅਦ 'ਆਪ' ਤੇ ਅਕਾਲੀ ਦਲ ਨੇ ਆਪਣਾ ਧਰਨਾ ਪ੍ਰਦਰਸ਼ਨ ਖਤਮ ਕੀਤਾ। ਉਨ੍ਹਾਂ ਕਿਹਾ ਕਿ ਵਾਰਡ 41 ਤੇ 42 ਦੇ ਪੇਪਰ ਰੱਦ ਕੀਤੇ ਗਏ ਸਨ ਤੇ ਹੁਣ ਇਨ੍ਹਾਂ ਦੇ ਕਹਿਣ ਤੇ ਚੋਣ ਕਮਿਸ਼ਨ ਨੂੰ ਦਰਖਾਸਤ ਭੇਜੀ ਗਈ ਹੈ, ਉਹ ਹੀ ਹੁਣ ਇਸ ਦੀ ਜਾਂਚ ਕਰਨਗੇ।