3 ਮਹੀਨਿਆਂ ''ਚ ਕੈਪਟਨ ਸਰਕਾਰ ਨੇ ਦਿਖਾਏ ਆਪਣੇ ਰੰਗ, ਇੰਡਸਟਰੀ ਨੂੰ ਤਬਾਹੀ ਵੱਲ ਧੱਕਿਆ: ਬਲਦੇਵ ਮਾਨ

06/11/2017 7:03:32 PM

ਭਵਾਨੀਗੜ੍ਹ(ਸੰਜੀਵ)— ਪੰਜਾਬ ਦੀ ਇੰਡਸਟਰੀ ਨੂੰ ਰਾਹਤ ਦੇ ਸੁਪਨੇ ਦਿਖਾ ਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ 600 ਕਰੋੜ ਰੁਪਏ ਦੀ ਬਿਜਲੀ 'ਚ ਦਿੱਤੀ ਗਈ ਵੱਡੀ ਰਾਹਤ ਨੂੰ ਵਾਪਸ ਲੈ ਕੇ ਸੂਬੇ ਦੀ ਇੰਡਸਟਰੀ ਨੂੰ ਤਬਾਹੀ ਵੱਲ ਧੱਕ ਦਿੱਤਾ ਹੈ। ਇਹ ਵਿਚਾਰ ਸ਼ਨੀਵਾਰ ਨੂੰ ਇਥੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਨਵੇਂ ਬਣੇ ਮੈਂਬਰ ਬਲਦੇਵ ਸਿੰਘ ਮਾਨ ਨੇ ਪਿੰਡ ਖੇੜੀ ਚੰਦਵਾਂ ਦੇ ਸਾਬਕਾ ਸਰਪੰਚ ਜਗਸੀਰ ਸਿੰਘ ਦੇ ਨਿਵਾਸ ਵਿਖੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ 1 ਜੂਨ ਤੋਂ ਪ੍ਰਤੀ ਯੂਨਿਟ 1 ਤੋਂ ਲੈ ਕੇ 2 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਅਕਾਲੀ-ਭਾਜਪਾ ਸਰਕਾਰ ਵੱਲੋਂ ਇੰਡਸਟਰੀ ਨੂੰ 7 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਗਈ ਸੀ, ਜਿਸ ਵਿਚ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ 1 ਰੁਪਏ ਵਾਧਾ ਕਰ ਦਿੱਤਾ ਹੈ। ਕਾਂਗਰਸ ਨੇ ਸੱਤਾ ਸੰਭਾਲਣ ਦੇ 3 ਮਹੀਨਿਆਂ ਅੰਦਰ ਹੀ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਮੌਕੇ ਹਰਦੇਵ ਸਿੰਘ ਕਾਲਾਝਾੜ, ਇੰਦਰਜੀਤ ਸਿੰਘ ਤੂਰ, ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ, ਰਾਮ ਸਿੰਘ ਕੰਧੋਲਾ, ਅਜੈਬ ਸਿੰਘ ਬੱਖੋਪੀਰ, ਪਰਮਜੀਤ ਸਿੰਘ ਸੰਗਤਪੁਰਾ, ਹਰਜੀਤ ਸਿੰਘ ਬੀਟਾ, ਭਰਪੂਰ ਸਿੰਘ ਫੱਗ ਵਾਲਾ, ਹਰਵਿੰਦਰ ਸਿੰਘ ਬੰਟੀ ਢਿੱਲੋਂ, ਗੁਰਨੈਬ ਸਿੰਘ ਘਰਾਚੋਂ, ਡਾ. ਗੁਰਚਰਨ ਸਿੰਘ ਪੰਨਵਾਂ, ਕਰਨੈਲ ਸਿੰਘ ਕਾਲਾਝਾੜ ਅਤੇ ਨੰਦ ਸਿੰਘ ਬਲਿਆਲ ਵੀ ਮੌਜੂਦ ਸਨ।