ਆਪਣਾ ਖੁੱਸਿਆ ਜਨ ਆਧਾਰ ਬਣਾਉਣ ਲਈ ਬਸਪਾ ਵੀ ਚਾਹੁੰਦੀ ਸੀ ਕਿਸੇ ਨਾਲ ਪਾਉਣੀ ਸਿਆਸੀ ਕਿੱਕਲੀ

06/13/2021 1:26:09 PM

ਧਰਮਕੋਟ (ਅਕਾਲੀਆਂਵਾਲਾ): ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋਣ ਉਪਰੰਤ 25 ਵਰ੍ਹਿਆਂ ਬਾਅਦ ਆਪਣੀ ਫਿਰ ਸਿਆਸੀ ਕਿੱਕਲੀ ਬਹੁਜਨ ਸਮਾਜ ਪਾਰਟੀ ਨਾਲ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਗੱਠਜੋੜ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਦਸ ਵਰ੍ਹੇ ਸੱਤਾ ਦਾ ਆਨੰਦ ਮਾਣਨ ਵਾਲੇ ਅਕਾਲੀ ਦਲ ਨੂੰ ਮੁੜ ਸੱਤਾ ਪ੍ਰਾਪਤ ਕਰਨ ਲਈ ਕਈ ਮੁੱਦਿਆਂ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਰਕੇ ਹੀ ਸ਼ਾਇਦ ਇਸ ਗੱਠਜੋੜ ਉਨ੍ਹਾਂ ਨੇ ਤਰਜੀਹ ਦਿੱਤੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਟੁੱਟਣ ਉਪਰੰਤ ਅਕਾਲੀ ਦਲ ਨੇ ਬੇਸ਼ੱਕ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਸੀ, ਪਰ ਉਨ੍ਹਾਂ ਨੇ ਮੋੜਾ ਕੱਟਦਿਆਂ ਬਸਪਾ ਨਾਲ ਫਿਰ ਸਾਂਝ ਪਾ ਲਈ ਹੈ। ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਵਾਰ ਪਹਿਲਾਂ ਹੀ ਉਮੀਦਵਾਰ ਐਲਾਣਨੇ ਸ਼ੁਰੂ ਕਰ ਦਿੱਤੇ ਹਨ ਅਤੇ ਕਈ ਹਲਕਿਆਂ ਵਿਚ ਉਨ੍ਹਾਂ ਨੂੰ ਵਿਰੋਧਤਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕੁਝ ਹਲਕਿਆਂ ਦਾ ਐਲਾਨ ਉਨ੍ਹਾਂ ਨੇ ਅਜੇ ਨਹੀਂ ਸੀ ਕੀਤਾ, ਜਿਸ ਕਰ ਕੇ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਅਕਾਲੀ ਦਲ ਬਸਪਾ ਨਾਲ ਗੱਠਜੋੜ ਕਰ ਕੇ ਉਨ੍ਹਾਂ ਹਲਕਿਆਂ ਤੋਂ ਬਸਪਾ ਨੂੰ ਸੀਟਾਂ ਦੇਵੇਗਾ ਜੋ ਅੱਜ ਸਾਹਮਣੇ ਹੋ ਗਈਆਂ ਹਨ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ

ਬਸਪਾ ਨੂੰ ਸੂਤ ਆਈ ਭਾਜਪਾ ਨਾਲੋਂ ਅਕਾਲੀ ਦਲ ਦੀ ਟੁੱਟੀ ਯਾਰੀ
ਅਕਾਲੀ ਦਲ ਨਾਲੋਂ ਗੱਠਜੋੜ ਟੁੱਟਣ ਉਪਰੰਤ ਜੇਕਰ ਬਸਪਾ ਦੀ ਮੌਜੂਦਾ ਅਤੇ ਤੱਤਕਾਲੀ ਸਥਿਤੀ ’ਤੇ ਨਜ਼ਰ ਮਾਰੀ ਜਾਵੇ ਤਾਂ ਬਸਪਾ ਦਾ ਕੋਈ ਪੰਜਾਬ ਅੰਦਰ ਬਹੁਤਾ ਜਨ ਆਧਾਰ ਨਹੀਂ ਸੀ ਜਦ ਵੀ ਸੰਸਦ ਮੈਂਬਰ ਬਸਪਾ ਦੇ ਪੰਜਾਬ ਵਿਚੋਂ ਬਣੇ ਤਾਂ ਉਹ ਅਕਾਲੀ ਦਲ ਕਰ ਕੇ ਹੀ ਬਣੇ ਸਨ। ਬਸਪਾ ਵੀ ਆਪਣਾ ਜਨ ਆਧਾਰ ਕਾਇਮ ਕਰਨ ਦੇ ਲਈ ਕਿਸੇ ਤਕੜੀ ਖੇਤਰੀ ਪਾਰਟੀ ਨਾਲ ਸਮਝੌਤਾ ਕਰਨ ਦੀ ਅੰਦਰੋਂ ਅੰਦਰੀ ਇੱਛਕ ਨਜ਼ਰ ਆ ਰਹੀ ਸੀ, ਜੋ ਅਕਸਰ ਭਾਜਪਾ ਨਾਲੋਂ ਨਾਤਾ ਟੁੱਟਣ ਕਰ ਕੇ ਬਸਪਾ ਨੂੰ ਅਕਾਲੀ ਦਲ ਸੂਤ ਬੈਠ ਗਿਆ ਹੈ। ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਵੱਡੀ ਰਾਜਸੀ ਘਟਨਾ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਤਕਰੀਬਨ 25 ਸਾਲਾਂ ਬਾਅਦ ਇਕ-ਦੂਜੇ ਦੇ ਨਜ਼ਦੀਕ ਆ ਰਹੇ ਹਨ। ਇਸ ਤੋਂ ਪਹਿਲਾਂ ਸਾਲ 1996 ਵਿਚ ਦੋਹਾਂ ਪਾਰਟੀਆਂ ਨੇ ਸੰਸਦੀ ਚੋਣਾਂ ਇਕੱਠਿਆਂ ਲੜਦਿਆਂ 13 ਵਿਚੋਂ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਪੰਜਾਬ ਵਿਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਮੁਲਕ ਨਾਲੋਂ ਵੀ ਜ਼ਿਆਦਾ ਭਾਵ 33 ਫੀਸਦੀ ਤੋਂ ਵੱਧ ਹੈ ਜਦੋਂ ਕਿ ਕੌਮੀ ਔਸਤ 16 ਤੋਂ 17 ਫੀਸਦੀ ਮੰਨੀ ਜਾਂਦੀ ਹੈ। ਇਹੋ ਕਾਰਣ ਹੈ ਕਿ ਭਾਜਪਾ ਅਤੇ ਕਾਂਗਰਸ ਵੱਲੋਂ ਦਲਿਤਾਂ ਨੂੰ ਰਿਝਾਉਣ ਲਈ ਮੁੱਖ ਮੰਤਰੀ ਤੇ ਹੋਰ ਅਹੁਦਿਆਂ ਦਾ ਪੱਤਾ ਖੇਡਿਆ ਜਾ ਰਿਹਾ ਹੈ। ਇਸੇ ਕਰ ਕੇ ਹੀ ਸੁਖਬੀਰ ਸਿੰਘ ਬਾਦਲ ਐਲਾਨ ਕਰ ਚੁੱਕੇ ਹਨ ਅਕਾਲੀ ਦਲ ਦੀ ਸਰਕਾਰ ਵਿਚ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ:  ਕਬੱਡੀ ਖਿਡਾਰੀ ਕਤਲ ਮਾਮਲੇ ਵਿਚ ਇਕ ਹੌਲਦਾਰ ਸਮੇਤ 3 ਪੁਲਸ ਕਰਮਚਾਰੀ ’ਤੇ ਵੱਡੀ ਕਾਰਵਾਈ

ਆਪਣਿਆਂ ਨੂੰ ਵੀ ਖੁਸ਼ ਰੱਖਣਾ ਪਵੇਗਾ ਅਕਾਲੀ ਦਲ ਨੂੰ
ਦੋਆਬਾ ਖੇਤਰ ਨੂੰ ਛੱਡ ਕੇ ਪੰਜਾਬ ਦੇ ਮਾਂਝਾ ਅਤੇ ਮਾਲਵਾ ਦੇ ਖੇਤਰਾਂ ’ਚ ਬਸਪਾ ਦਾ ਕੋਈ ਬਹੁਤਾ ਜਨ ਆਧਾਰ ਨਹੀਂ ਹੈ ਜੇਕਰ ਵਿਧਾਨ ਸਭਾ ਹਲਕਿਆਂ ਵਿਚ ਬਸਪਾ ਦੇ ਉਮੀਦਵਾਰਾਂ ਨੂੰ ਪੈਂਦੀਆਂ ਵੋਟਾਂ ਦੀ ਗਿਣਤੀ ਮਾਰੀ ਜਾਵੇ ਤਾਂ ਅਕਾਲੀ ਦਲ ਨਾਲੋਂ ਕੋਈ ਨਿਰਾਸ਼ ਆਗੂ ਹੀ ਇੰਨੀਆਂ ਵੋਟਾਂ ਪ੍ਰਭਾਵਿਤ ਕਰ ਸਕਦਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਬਸਪਾ ਨਾਲ ਬੇਸ਼ੱਕ ਅਕਾਲੀ ਦਲ ਦੀ ਸਾਂਝ ਪੈ ਗਈ ਹੈ ਪਰ ਦੂਸਰੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਗੂਆਂ ਦੇ ਮਨ ਮੁਟਾਵ ਵੀ ਦੂਰ ਕਰਨ ਲਈ ਯਤਨਸ਼ੀਲ ਰਹਿਣਾ ਪਵੇਗਾ ਨਹੀਂ ਤਾਂ ਬਸਪਾ ਦੇ ਉਮੀਦਵਾਰ ਨੂੰ ਮਿਲੀਆਂ ਵੋਟਾਂ ਜਿੰਨ੍ਹੀਆਂ ਇਕ ਆਗੂ ਵੀ ਖ਼ਰਾਬ ਕਰ ਸਕਦਾ ਹੈ। ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਬਸਪਾ ਆਗੂਆਂ ਦੇ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਦੋ ਤੋਂ ਪੰਜ ਹਜ਼ਾਰ ਤੱਕ ਰਹੀ ਹੈ।

ਇਹ ਵੀ ਪੜ੍ਹੋ:  ਪੰਜਾਬ ਦੇ ਲੋਕ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਨੂੰ ਸਮਰਥਨ ਨਹੀਂ ਦੇਣਗੇ : ਢੀਂਡਸਾ

ਗਠਜੋੜ ਭਾਰੀ ਬਹੁਮਤ ਨਾਲ ਜਿੱਤੇਗਾ : ਜਨਮੇਜਾ ਸਿੰਘ ਸੇਖੋਂ
ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦਾ ਇਸ ਸਬੰਧੀ ਕਹਿਣਾ ਹੈ ਕਿ ਪੰਜਾਬ ਦੀ ਰਾਜਨੀਤੀ ਵਿਚ ਇਕ ਵੱਡਾ ਮੋੜ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਵਰ੍ਹਿਆਂ ਬਾਅਦ ਅਸੀਂ ਆਪਣੀ ਸਾਂਝ ਬਸਪਾ ਨਾਲ ਫਿਰ ਪਾ ਲਈ ਹੈ, ਉਨ੍ਹਾਂ ਦਾਅਵਾ ਕੀਤਾ ਕਿ ਗੱਠਜੋੜ ਵਿਧਾਨ ਸਭਾ ਚੋਣਾਂ ਦੇ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗਾ।

ਇਹ ਵੀ ਪੜ੍ਹੋ:  ਐੱਨ. ਆਰ. ਆਈ.ਵਿਦਿਆਰਥਣ ਖ਼ੁਦਕੁਸ਼ੀ ਮਾਮਲੇ ’ਚ ਸਾਹਮਣੇ ਆਇਆ ਸੁਸਾਇਡ ਨੋਟ, ਹੋਏ ਵੱਡੇ ਖ਼ੁਲਾਸੇ

ਵਿਰੋਧੀ ਪਾਰਟੀਆਂ ਨੂੰ ਨਕਾਰੇਗਾ ਗੱਠਜੋੜ: ਸਿੱਧੂ
ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਦਰਮਿਆਨ ਗੱਠਜੋੜ ਨਾਲ ਸੂਬੇ ਦੀ ਸਿਆਸਤ ’ਤੇ ਵੱਡਾ ਅਸਰ ਪਵੇਗਾ। ਦੋਵੇਂ ਪਾਰਟੀਆਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਕਾਂਗਰਸ ਪਾਰਟੀ ਜਿਸ ਤੋਂ ਸੂਬੇ ਦੇ ਲੋਕ ਅੱਕ ਚੁੱਕੇ ਹਨ ‘ਆਪ’ ਦਾ ਵੀ ਪੰਜਾਬ ਵਿਚ ਕੋਈ ਬਹੁਤਾ ਆਧਾਰ ਨਹੀਂ ਹੈ।ਸਾਨੂੰ ਉਮੀਦ ਹੈ ਕਿ ਬਸਪਾ ਅਕਾਲੀ ਦਲ ਗਠਜੋੜ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗਾ ਤੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਵੇਗਾ।

ਇਹ ਵੀ ਪੜ੍ਹੋ:  ਖੇਡਾਂ ਵਿੱਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਕਰਾਟੇ ਖਿਡਾਰਣ ਹਰਦੀਪ ਕੌਰ ਝੋਨਾ ਲਾਉਣ ਲਈ ਮਜਬੂਰ (ਵੀਡੀਓ)

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Shyna

This news is Content Editor Shyna