ਸਰਕਾਰ ਬਦਲਦੇ ਹੀ ਅਕਾਲੀ ਸਰਕਾਰ ਪੱਖੀ ਰਹੇ ਛੋਟੇ ਮੁਲਾਜ਼ਮਾਂ ''ਤੇ ਗਾਜ ਡਿੱਗਣੀ ਸ਼ੁਰੂ

05/28/2017 7:15:29 PM

ਮੋਗਾ(ਪਵਨ ਗਰੋਵਰ/ਗੋਪੀ ਰਾਊਕੇ)— ਪੰਜਾਬ ਸਰਕਾਰ ਵੱਲੋਂ ਭਾਵੇਂ ਸੂਬੇ ਭਰ ''ਚ ਮੁਲਾਜ਼ਮਾਂ ਦੀਆਂ ਬਦਲੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਰਾਜਸੀ ''ਬਦਲੇ'' ਦੀ ਭਾਵਨਾ ਤਹਿਤ ਨਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ''ਚ ਨਵੀਂ ਬਣੀ ਕਾਂਗਰਸੀ ਹਕੂਮਤ ਦੇ ਆਗੂਆਂ ਦੇ ਕਥਿਤ ਇਸ਼ਾਰਿਆਂ ''ਤੇ ਸਰਕਾਰ ਨੇ ਵੱਡੇ ਅਧਿਕਾਰੀਆਂ ਤੋਂ ਬਾਅਦ ਹੁਣ ਅਕਾਲੀ ਹਕੂਮਤ ਸਮੇਂ ਅਕਾਲੀ ਦਲ ਦੇ ਸਿਰਕੱਢ ਨੇਤਾਵਾਂ ਦੇ ਨੇੜੇ ਰਹਿਣ ਵਾਲੇ ਵੱਖ-ਵੱਖ ਵਿਭਾਗਾਂ ਦੇ ਛੋਟੇ ਮੁਲਾਜ਼ਮਾਂ ਦੀਆਂ ਵੀ ਬਦਲੀਆਂ ਦੂਰ-ਦੁਰਾਡੇ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਤਾਜ਼ਾ ਮਾਮਲਾ ਪੰਜਾਬ ਦੇ ਸਾਬਕਾ ਕੈਬਨਿਟ ਮਤਰੀ ਜਥੇਦਾਰ ਤੋਤਾ ਸਿੰਘ ਦੇ ਹਲਕੇ ਧਰਮਕੋਟ ਦਾ ਹੈ, ਜਿੱਥੋਂ ਦੇ ਬਲਾਕ ਅਤੇ ਪੰਚਾਇਤ ਵਿਭਾਗ ਕੋਟ ਈਸੇ ਖਾਂ ਵਿਖੇ ਪਿਛਲੇ 5 ਸਾਲਾਂ ਤੋਂ ਤਾਇਨਾਤ 7 ਪੰਚਾਇਤ ਸਕੱਤਰਾਂ ਨੂੰ ਪੰਜਾਬ ਦੇ ਸਰਹੱਦੀ ਜ਼ਿਲਿਆਂ ''ਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ਨੀਵਾਰ ਮੁਲਾਜ਼ਮਾਂ ਨੂੰ ਇਸ ਬਦਲੀ ਸੰਬੰਧੀ ਮਿਲੇ ਹੁਕਮਾਂ ਤੋਂ ਬਾਅਦ ਮਹਿਕਮੇ ''ਚ ਇਕ ਤਰ੍ਹਾਂ ਨਾਲ ਹੜਕੰਪ ਮਚ ਗਿਆ ਹੈ। ਉਂਝ ਤਾਂ ਇਨ੍ਹਾਂ ਮੁਲਾਜ਼ਮਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਰਕਾਰੀ ਹੁਕਮਾਂ ਤਹਿਤ ਜਿੱਥੇ ਬਦਲੀ ਹੋਈ ਹੈ, ਉੱਥੇ ਹੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ। ਸੂਤਰਾਂ ਦਾ ਦੱਸਣਾ ਹੈ ਕਿ ਇਨ੍ਹਾਂ ਪੰਚਾਇਤ ਸਕੱਤਰਾਂ ਦੀਆਂ ਬਦਲੀਆਂ ਸਰਕਾਰ ਵੱਲੋਂ ਕਰਨ ਸਬੰਧੀ ਪਿਛਲੇ ਕਾਫੀ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸਨ। 
ਆਉਣ ਵਾਲੇ ਦਿਨਾਂ ''ਚ ਹੋਰ ਮਹਿਕਮਿਆਂ ''ਚ ਵੀ ਬਦਲੀਆਂ ਦਾ ਹੜਕੰਪ ਮਚਣ ਦੀ ਸੰਭਾਵਨਾ ਇਕੱਤਰ ਜਾਣਕਾਰੀ ਅਨੁਸਾਰ ਪੰਜਾਬ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਅਤੇ ਪੰਚਾਇਤ ਸਕੱਤਰ ਬਲਜੀਤ ਸਿੰਘ ਬੱਗਾ ਤਖਤੂਪੁਰਾ ਨੂੰ ਪਠਾਨਕੋਟ ਨੇੜਲੇ ਬਲਾਕ ਨਰੋਟ ਜੈਮਲ ਸਿੰਘ ਵਾਲਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ, ਜਦਕਿ ਇਸੇ ਬਲਾਕ ਦੇ ਹੀ ਪੰਚਾਇਤ ਸਕੱਤਰਾਂ ਦੀ ਜਥੇਬੰਦੀ ਦੇ ਪ੍ਰਧਾਨ ਧਰਮਿੰਦਰ ਸਿੰਘ ਨੂੰ ਘਰੋਟੇ (ਗੁਰਦਾਸਪੁਰ), ਜਸਜੀਤ ਸਿੰਘ ਟਪਿਆਲ, ਰਾਜਵੀਰ ਸਿੰਘ ਸੰਗਤ ਮੰਡੀ (ਬਠਿੰਡਾ), ਜਸਵਿੰਦਰ ਸਿੰਘ ਕਾਦੀਆਂ (ਗੁਰਦਾਸਪੁਰ), ਜੋਗਿੰਦਰ ਸਿੰਘ (ਦੀਨਾਨਗਰ) ਅਤੇ ਕੁਲਦੀਪ ਸਿੰਘ ਨੂੰ ਨਵਾਂਸ਼ਹਿਰ ਵਿਖੇ ਤਬਦੀਲ ਕੀਤਾ ਗਿਆ ਹੈ। ਇਥੇ ਦੱਸਣਾ ਬਣਦਾ ਹੈ ਕਿ ਇਹ ਸਾਰੇ ਪੰਚਾਇਤ ਸਕੱਤਰਾਂ ''ਤੇ ਦੋਸ਼ ਸੀ ਕਿ ਇਹ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਨਾਲ ਨੇੜਤਾ ਰੱਖਣ ਵਾਲੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲੇ ਭਰ ਦੀਆਂ ਸਾਰੀਆਂ ਬਲਾਕਾਂ ''ਚੋਂ ਸਭ ਤੋਂ ਪਹਿਲਾਂ ਉੱਥਲ-ਪੁੱਥਲ ਬਲਾਕ ਪੰਚਾਇਤ ਦਫਤਰ ਕੋਟ ਈਸੇ ਵਿਖੇ ਦੇਖਣ ਨੂੰ ਮਿਲੀ ਹੈ ਅਤੇ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ''ਚ ਹੋਰ ਮਹਿਕਮੇ ਦੇ ਮੁਲਾਜ਼ਮਾਂ ''ਚ ਬਦਲੀਆਂ ਸੰਬੰਧੀ ਹੜਕੰਪ ਮਚਣ ਦੀ ਸੰਭਾਵਨਾ ਹੈ। ਇਸ ਸੰਬੰਧੀ ਸੰਪਰਕ ਕਰਨ ''ਤੇ ਬਦਲੀ ਕੀਤੇ ਗਏ ਮੁਲਾਜ਼ਮਾਂ ਨੇ ਬਦਲੀਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰੀ ਹੁਕਮਾਂ ਤਹਿਤ ਬਦਲੀਆਂ ਦੇ ਆਰਡਰ ਪ੍ਰਾਪਤ ਹੋ ਗਏ ਹਨ ਅਤੇ ਉਹ ਜਲਦੀ ਹੀ ਬਦਲੀ ਕੀਤੇ ਸਥਾਨਾਂ ''ਤੇ ਆਪਣੀ ਜੁਆਇਨਿੰਗ ਪਾ ਲੈਣਗੇ। 
ਜ਼ਿਲਾ ਪੰਚਾਇਤ ਯੂਨੀਅਨ ਵੱਲੋਂ ਰਾਜਸੀ ਆਧਾਰ ''ਤੇ ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਦੀ ਨਿੰਦਾ ਇਕ ਵੱਖਰੇ ਬਿਆਨ ਰਾਹੀਂ ਜ਼ਿਲਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਬਲਾਕ ਪੰਚਾਇਤ ਵਿਭਾਗ ਕੋਟ ਈਸੇ ਖਾਂ ਵਿਖੇ ਤਾਇਨਾਤ 7 ਪੰਚਾਇਤ ਸਕੱਤਰਾਂ ਦੀ ਰਾਜਸੀ ਆਧਾਰ ''ਤੇ ਪੰਜਾਬ ਦੀਆਂ ਹੱਦਾਂ ਉਪਰ ਪੈਂਦੇ ਜ਼ਿਲਿਆਂ ''ਚ ਬਦਲੀ ਕਰਨ ਦੀ ਸਖਤ ਸ਼ਬਦਾਂ ''ਚ ਨਿੰਦਾ ਕੀਤੀ ਹੈ। ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਰਾਜਸੀ ਆਧਾਰ ''ਤੇ ਮੁਲਾਜ਼ਮਾਂ ਦੀਆਂ ਬਦਲੀਆਂ ਨਹੀਂ ਕਰਨੀਆਂ ਚਾਹੀਦੀਆਂ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਹਨ ਅਤੇ ਇਸ ਤਰ੍ਹਾਂ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰਨੀ ਕਿਸੇ ਵੀ ਤਰ੍ਹਾਂ ਠੀਕ ਨਹੀਂ।