ਜੇਲਾਂ ਅਪਰਾਧੀਆਂ ਦੀ ਮੌਤ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਹੋਵੇ ਜਾਂਚ : ਅਕਾਲੀ ਦਲ

07/23/2019 2:39:39 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਨਿਆਇਕ ਹਿਰਾਸਤ 'ਚ ਵੱਡੇ ਅਪਰਾਧੀਆਂ ਦੀਆਂ ਹੋਣ ਵਾਲੀਆਂ ਮੌਤਾਂ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ 'ਚ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬ ਦੀਆਂ ਜੇਲਾਂ ਅੰਦਰ ਪ੍ਰਸ਼ਾਸਨਿਕ ਪ੍ਰਬੰਧ ਤਹਿਸ-ਨਹਿਸ ਹੋਣ ਲਈ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ।

ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ 548 ਕਿਲੋ ਹੈਰੋਇਨ ਦੇ ਮੁੱਖ ਦੋਸ਼ੀ ਗੁਰਪਿੰਦਰ ਦੀ ਅੰਮ੍ਰਿਤਸਰ 'ਚ ਹੋਈ ਮੌਤ ਨੇ ਕਈ ਸੁਆਲ ਖੜ੍ਹੇ ਕਰ ਦਿੱਤੇ ਹਨ। ਕਿੰਨੀ ਅਜੀਬ ਗੱਲ ਹੈ ਕਿ ਗੁਰਪਿੰਦਰ ਦਾ ਢੁੱਕਵਾਂ ਇਲਾਜ ਤਕ ਨਹੀਂ ਕਰਵਾਇਆ ਗਿਆ। ਉਸ ਦੇ ਪਰਿਵਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਕੀ ਗੁਰਪਿੰਦਰ ਦੀ ਮੌਤ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ, ਇਹ ਘੋਖਣ ਦੀ ਲੋੜ ਹੈ।ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੇਅਦਬੀ ਕਾਂਡ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ 'ਚ ਕਤਲ ਹੋ ਗਿਆ ਸੀ। ਬਿੱਟੂ ਨੂੰ ਵੱਖਰੀ ਬੈਰਕ 'ਚ ਰੱਖਣ ਅਤੇ ਬਾਕੀ ਕੈਦੀਆਂ ਤੋਂ ਦੂਰ ਰੱਖਣ ਦੇ ਸਪੱਸ਼ਟ ਨਿਰਦੇਸ਼ਾਂ ਦੇ ਬਾਵਜੂਦ ਜੇਲ ਪ੍ਰਸ਼ਾਸਨ ਵਲੋਂ ਉਸ ਨੂੰ ਆਪਣੇ ਸੈੱਲ 'ਚੋਂ ਬਾਹਰ ਆਉਣ ਦੀ ਆਗਿਆ ਦਿੱਤੀ ਗਈ ਸੀ। ਲੁਧਿਆਣਾ ਜੇਲ 'ਚ ਵੀ ਇਕ ਕੇਸ ਹੋਇਆ ਸੀ, ਜਿਸ 'ਚ ਕੈਦੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਇਸੇ ਤਰ੍ਹਾਂ ਪਟਿਆਲਾ ਜੇਲ 'ਚ ਫਿਰੌਤੀ ਲੈਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ, ਜਿਥੇ ਗੈਂਗਸਟਰਾਂ ਵਲੋਂ ਜੇਲ ਅਧਿਕਾਰੀਆਂ ਨਾਲ ਮਿਲ ਕੇ ਕੈਦੀਆਂ ਨਾਲ ਬਦਫੈਲੀ ਕੀਤੀ ਜਾਂਦੀ ਸੀ।
 

Anuradha

This news is Content Editor Anuradha