ਅਕਾਲੀ ਦਲ ਦੀ ਚੁੱਪ ਕਾਰਨ ਮਾਝੇ ''ਚ ਪਾਰਟੀ ਨੂੰ ਹੋ ਸਕਦੈ ਵੱਡਾ ਨੁਕਸਾਨ, ਤਲਬੀਰ ਗਿੱਲ ਨੇ ਖੋਲ੍ਹਿਆ ਮੋਰਚਾ

09/08/2020 6:09:32 PM

ਅੰਮ੍ਰਿਤਸਰ (ਛੀਨਾ) : ਮਾਝੇ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਧੜੱਲੇਦਾਰ ਆਗੂ ਤਲਬੀਰ ਸਿੰਘ ਗਿੱਲ ਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਦੇ ਐਡੀਸ਼ਨਲ ਸਕੱਤਰ ਡਾ.ਏ.ਪੀ.ਸਿੰਘ ਦਾ ਵਿਵਾਦ ਹੁਣ ਸਿਖਰਾਂ 'ਤੇ ਆ ਪੁੱਜਾ ਹੈ। ਇਸ ਮਾਮਲੇ ਨੂੰ ਸੁਲਝਾਉਣ 'ਚ ਅਕਾਲੀ ਦਲ ਬਾਦਲ ਹਾਈਕਮਾਨ ਵੱਲੋਂ ਵਰਤੀ ਗਈ ਢਿੱਲ ਕਾਰਨ ਇਹ ਮਾਮਲਾ ਲੋੜ ਤੋਂ ਜ਼ਿਆਦਾ ਵੱਡਾ ਹੋ ਗਿਆ ਹੈ ਜਿਸ ਦਾ ਸਿੱਧੇ 'ਤੇ ਪਾਰਟੀ ਨੂੰ ਹੀ ਮਾਝੇ 'ਚ ਨੁਕਸਾਨ ਝੱਲਣਾ ਪੈ ਸਕਦਾ ਹੈ। ਵਿਧਾਨ ਸਭਾ ਹਲਕਾ ਦੱਖਣੀ ਦੇ ਇੰਚਾਰਜ ਤੇ ਯੂਥ ਅਕਾਲੀ ਦਲ ਬਾਦਲ ਕੌਰ ਕਮੇਟੀ ਦੇ ਮੈਂਬਰ ਤਲਬੀਰ ਸਿੰਘ ਗਿੱਲ ਵੱਲੋਂ ਪਿਛਲੇ ਦਿਨੀਂ ਕੁਝ ਵੀਡੀਓ ਜਾਰੀ ਕਰਕੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਦੇ ਮੁਖੀ ਡਾ.ਏ.ਪੀ.ਸਿੰਘ ਤੇ ਉਸ ਦੇ ਕੁਝ ਖਾਸਮ-ਖਾਸ ਡਾਕਟਰਾਂ 'ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ, ਪਾਰਟੀ ਨੁਮਾਇੰਦਿਆ ਨੂੰ ਨੀਵਾਂ ਦਿਖਾਉਣ ਅਤੇ ਹਸਪਤਾਲ 'ਚ ਮੰਨਮਾਨੀਆ ਕਰਨ ਸਮੇਤ ਕੁਝ ਹੋਰ ਵੀ ਦੋਸ਼ ਮੜ੍ਹੇ ਸਨ ਜਿਸ ਤੋਂ ਬਾਅਦ ਭਾਂਵੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਲਬੀਰ ਸਿੰਘ ਗਿੱਲ ਦਾ ਗੁੱਸਾ ਸ਼ਾਂਤ ਕਰਦਿਆਂ ਉਕਤ ਡਾਕਟਰਾਂ ਖ਼ਿਲਾਫ਼ ਜਲਦ ਕਾਰਵਾਈ ਕਰਨ ਦਾ ਭਰੋਸਾ ਦਿਤਾ ਸੀ ਪਰ ਮਿਥਿਆ ਸਮਾਂ ਲੰਘ ਜਾਣ ਤੋਂ ਬਾਅਦ ਵੀ ਜਦੋਂ ਹਾਈਕਮਾਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਭਰੇ ਪੀਤੇ ਬੈਠੇ ਤਲਬੀਰ ਗਿੱਲ ਨੇ ਇਕ ਵੀਡੀਓ ਜਾਰੀ ਕਰਕੇ ਪਾਰਟੀ ਹਾਈਕਮਾਨ ਨੂੰ ਆਪਣੇ ਜਜ਼ਬਾਤਾਂ ਤੋਂ ਜਾਣੂ ਕਰਵਾਉਂਦਿਆਂ ਆਖਿਆ ਸੀ ਕਿ ਹੁਣ ਇਕ ਮਿਆਨ 'ਚ 2 ਤਲਵਾਰਾਂ ਨਹੀਂ ਰਹਿ ਸਕਦੀਆ ਜਿਸ ਤੋਂ ਬਾਅਦ ਆਪਣਿਆਂ ਬੈਗਾਨਿਆ ਦੀਆਂ ਨਜ਼ਰਾ ਤਲਬੀਰ ਗਿੱਲ ਦੇ ਅਗਲੇ ਫੈਂਸਲੇ 'ਤੇ ਟਿੱਕ ਗਈਆ ਸਨ। 

ਇਹ ਵੀ ਪੜ੍ਹੋ :  ਅਕਾਲੀ ਨੇਤਾ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਬੀਤੀ ਰਾਤ ਤਲਬੀਰ ਗਿੱਲ ਨੇ ਇਕ ਵੀਡੀਓ ਜਾਰੀ ਕਰਕੇ ਆਪਣੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿਤਾ ਹੈ, ਜਿਸ ਮੁਤਾਬਕ ਉਹ ਹੁਣ 10 ਸਤੰਬਰ ਨੂੰ ਵੱਲਾ ਹਸਪਤਾਲ ਦੇ ਬਾਹਰ ਇਕ ਵਿਸ਼ਾਲ ਇਕੱਠ ਕਰਕੇ ਜਿਥੇ ਆਪਣਾ ਰੋਸ ਪ੍ਰਗਟਾਉਣਗੇਂ ਉਥੇ ਡਾ.ਏ.ਪੀ.ਸਿੰਘ ਸਮੇਤ ਉਸ ਦੇ ਸਾਥੀਆ ਵੱਲੋਂ ਕੀਤੇ ਗਏ ਘਪਲਿਆਂ ਨੂੰ ਵੀ ਮੀਡੀਆ ਸਾਮਣੇ ਉਜਾਗਰ ਕਰਨਗੇ। ਇਸ ਸਬੰਧ 'ਚ ਕੁਝ ਸ਼੍ਰੋਮਣੀ ਕਮੇਟੀ ਮੈਂਬਰਾ, ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਤੇ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਹ ਇਸ ਘਟਨਾਕ੍ਰਮ 'ਚ ਤਲਬੀਰ ਸਿੰਘ ਗਿੱਲ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੇ ਹਨ ਕਿਉਕਿ ਉਹ ਡਾ.ਏ.ਪੀ. ਸਿੰਘ ਦੇ ਖ਼ਿਲਾਫ਼ ਆਪਣੀ ਕੋਈ ਨਿੱਜੀ ਨਹੀਂ ਬਲਕਿ ਲੋਕਾਂ ਦੀ ਲੜਾਈ ਲੜ ਰਹੇ ਹਨ। 

ਇਹ ਵੀ ਪੜ੍ਹੋ :  ਅੰਮ੍ਰਿਤਸਰ ਦੇ ਮਸ਼ਹੂਰ ਆਈਲੈੱਟਸ ਸੈਂਟਰ 'ਤੇ ਪੁਲਸ ਦਾ ਛਾਪਾ, ਦੇਖੋ ਤਸਵੀਰਾਂ

ਉਨ੍ਹਾਂ ਕਿਹਾ ਕਿ ਪੰਜਾਬ 'ਚ ਵਿਰੋਧੀ ਧਿਰ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਸਖ਼ਤ ਮਿਹਨਤ ਕਰਨ ਵਾਲੇ ਧੜੱਲੇਦਾਰ ਲੀਡਰ ਦੇ ਹੱਕ 'ਚ ਜੇਕਰ ਪਾਰਟੀ ਹਾਈਕਮਾਨ ਲੋੜ ਪੈਣ 'ਤੇ ਸਖ਼ਤੀ ਨਾਲ ਸਟੈਂਡ ਨਹੀਂ ਲੈ ਰਹੀ ਹੈ ਤਾਂ ਫਿਰ ਪਾਰਟੀ 'ਚ ਸਾਡਾ ਕੀ ਵਜੂਦ ਹੈ। ਉਨ੍ਹਾਂ ਕਿਹਾ ਕਿ 10 ਸਤੰਬਰ ਦੇ ਧਰਨੇ 'ਚ ਤਲਬੀਰ ਗਿੱਲ ਜੋ ਵੀ ਫ਼ੈਂਸਲਾ ਲੈਣਗੇ ਅਸੀਂ ਉਸ 'ਤੇ ਸਖ਼ਤੀ ਨਾਲ ਪਹਿਰਾ ਦੇਵਾਂਗੇ ਅਤੇ ਜੇਕਰ ਨੌਬਤ ਆਈ ਤਾਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਤੋਂ ਵੀ ਪਿੱਛੇ ਨਹੀਂ ਹੱਟਾਂਗੇ ਕਿਉਂਕਿ ਹੁਣ ਗੱਲ ਹੱਕ ਸੱਚ ਅਤੇ ਲੋਕਾਂ ਲਈ ਇਨਸਾਫ ਦੀ ਲੜਾਈ 'ਤੇ ਆ ਪਹੁੰਚੀ ਹੈ।

ਇਹ ਵੀ ਪੜ੍ਹੋ :  ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਹੋਇਆ ਬੱਬਰ ਖਾਲਸਾ ਦਾ ਖਾੜਕੂ ਦਿਲਾਵਰ ਦਾ ਪਰਿਵਾਰ ਆਇਆ ਸਾਹਮਣੇ

Gurminder Singh

This news is Content Editor Gurminder Singh