ਸ਼ਹੀਦੀ ਦਿਹਾੜਿਆਂ ਮੌਕੇ ਸਿਆਸੀ ਕਾਨਫਰੰਸਾਂ ਨਾ ਕਰਨ ਦੀਆਂ ਅਪੀਲਾਂ ਠੰਡੇ ਬਸਤੇ ''ਚ

12/19/2019 9:58:44 AM

ਪਟਿਆਲਾ/ਰੱਖੜਾ (ਰਾਣਾ): ਜਬਰ-ਜ਼ੁਲਮ ਵਿਰੋਧੀ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ 21 ਦਸੰਬਰ ਨੂੰ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਡੀ.ਸੀ. ਦਫਤਰ ਸਾਹਮਣੇ ਧਰਨਾ ਦੇਣ ਦੇ ਐਲਾਨ ਮਗਰੋਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਅਹੁਦੇਦਾਰ ਅਤੇ ਵਰਕਰ ਪੱਬਾਂ ਭਾਰ ਹਨ। ਇਸੇ ਦਿਨ 21 ਦਸੰਬਰ ਨੂੰ ਚਮਕੌਰ ਸਾਹਿਬ ਸ਼ਹੀਦੀ ਸਾਕਾ ਸਮਾਗਮ ਦੀ ਸ਼ੁਰੂਆਤ ਹੋ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਜਾਰੀ ਕੀਤੇ ਆਦੇਸ਼ ਮੁਤਾਬਕ 15 ਤੋਂ ਲੈ ਕੇ 30 ਦਸੰਬਰ ਤੱਕ ਸ਼ਹੀਦੀ ਸਮਾਗਮਾਂ ਤੋਂ ਬਿਨਾਂ ਹੋਰ ਸਮਾਗਮ ਨਾ ਕਰਨ ਦੀਆਂ ਅਪੀਲਾਂ ਠੰਡੇ ਬਸਤੇ 'ਚ ਪਈਆਂ ਨਜ਼ਰ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮਨਾਉਣ ਤੋਂ ਬਾਅਦ ਪਾਰਟੀ ਵਿਚ ਪੈਦਾ ਹੋਏ ਅਸੰਤੋਸ਼ ਦੀ ਲਹਿਰ ਮੱਠੀ ਨਹੀਂ ਪਈ ਕਿ 21 ਦਸੰਬਰ ਨੂੰ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਵਿਰੋਧੀ ਸੁਰ ਉੱਭਰਨੇ ਸ਼ੁਰੂ ਹੋ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਕਾਰਣ ਅਕਾਲੀ ਦਲ ਦੀ ਡਿੱਗੀ ਸਿਆਸੀ ਸਾਖ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਵਿਚ ਥੋੜ੍ਹਾ ਜਿਹਾ ਸੁਧਾਰਨ ਦਾ ਸਬੱਬ ਬਣਿਆ ਸੀ। ਇਹ ਵੀ ਦੱਸਣਯੋਗ ਹੈ ਕਿ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਬਰ-ਜ਼ੁਲਮ ਵਿਰੁੱਧ ਇਕ ਵੰਗਾਰ ਸੀ। 21 ਦਸੰਬਰ ਵਾਲੇ ਧਰਨੇ ਨੂੰ ਜਬਰ-ਜ਼ੁਲਮ ਵਿਰੋਧੀ ਧਰਨਾ ਦੱਸ ਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਰਾਜਨੀਤਕ ਪੈਂਠ ਨੂੰ ਮਜ਼ਬੂਤ ਕਰਨ ਲਈ ਤਤਪਰ ਨਜ਼ਰ ਆ ਰਿਹਾ ਹੈ।

ਸ਼ਹਾਦਤਾਂ ਰਾਜਨੀਤੀ ਲਈ ਨਹੀਂ, ਧਰਮ ਲਈ ਦਿੱਤੀਆਂ: ਪੰਜੌਲੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਬਰ-ਜ਼ੁਲਮ ਵਿਰੋਧੀ ਧਰਨਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਕੇ ਦੇਖਣ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ। ਇਨ੍ਹਾਂ ਧਰਨਿਆਂ ਨੂੰ ਮੁਲਤਵੀ ਕਰਨ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦੇ ਹੋਏ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਾਦਤਾਂ ਭਰੇ ਇਸ ਪੰਦਰਵਾੜੇ ਨੂੰ ਧਰਨਿਆਂ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਸਾਹਿਬਜ਼ਾਦਿਆਂ ਨੇ ਤਲਵਾਰ ਦੇ ਜ਼ੋਰ ਨਾਲ ਜਬਰੀ ਧਰਮ ਪਰਿਵਰਤਨ ਕਰਵਾਉਣ ਦਾ ਵਿਰੋਧ ਕਰਦਿਆਂ ਜਬਰ-ਜ਼ੁਲਮ ਖਿਲਾਫ ਸ਼ਹਾਦਤਾਂ ਦਿੱਤੀਆਂ, ਨਾ ਕਿ ਰਾਜਨੀਤੀ ਲਈ। ਸ਼੍ਰੋਮਣੀ ਅਕਾਲੀ ਦਲ ਨੂੰ ਨੌਜਵਾਨ ਪੀੜ੍ਹੀ ਪੰਥ ਨਾਲ ਜੋੜਨ ਲਈ ਪਤਿਤਪੁਣੇ ਅਤੇ ਨਸ਼ਿਆਂ ਤੋਂ ਰੋਕਣ ਲਈ ਇਸ ਪੰਦਰਵਾੜੇ ਦੌਰਾਨ ਧਾਰਮਕ ਜਾਗਰੂਕਤਾ ਸਮਾਗਮ ਕਰਵਾਉਣੇ ਚਾਹੀਦੇ ਹਨ।

ਸ਼ਹੀਦੀ ਦਿਨਾਂ ਵਿਚ ਧਰਨੇ ਲਾਉਣਾ ਸਹੀ ਨਹੀਂ : ਸਹੌਲੀ
ਧਰਨਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ (ਸੁਤੰਤਰ) ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਵੱਲੋਂ ਦਿੱਤੀਆਂ ਸ਼ਹਾਦਤਾਂ ਦੇ ਦਿਨਾਂ ਵਿਚ ਆਪਣੀ ਰਾਜਨੀਤੀ ਚਮਕਾਉਣ ਲਈ ਕਿਸੇ ਨੂੰ ਵੀ ਧਰਨੇ ਨਹੀਂ ਲਾਉਣੇ ਚਾਹੀਦੇ। ਇਨ੍ਹਾਂ ਦਿਨਾਂ ਵਿਚ ਸਮੁੱਚੀ ਸਿੱਖ ਕੌਮ ਸ਼ਹੀਦਾਂ ਦੇ ਅਸਥਾਨਾਂ 'ਤੇ ਨਤਮਸਤਕ ਹੋਣ ਲਈ ਵੱਧ-ਚੜ੍ਹ ਕੇ ਸ਼ਮੂਲੀਅਤ ਕਰਦੀ ਹੈ। ਧਰਨਿਆਂ ਕਾਰਨ ਸਮੁੱਚੀ ਸੰਗਤ ਨੂੰ ਆਉਣ-ਜਾਣ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਬੇਅਦਬੀ ਮਾਮਲਿਆਂ ਕਰ ਕੇ ਪੂਰੀ ਦੁਨੀਆ ਵਿਚ ਸਿੱਖ ਕੌਮ ਦੀ ਹੇਠੀ ਕਰਵਾ ਚੁੱਕਾ ਹੈ। ਹੁਣ ਸ਼ਹੀਦੀ ਦਿਨਾਂ ਵਿਚ ਧਰਨਿਆਂ ਰਾਹੀਂ ਰਾਜਨੀਤੀ ਕਰਨਾ ਸ਼ੋਭਦਾ ਨਹੀਂ।

Shyna

This news is Content Editor Shyna