ਰਾਹੁਲ ਗਾਂਧੀ ਤੋਂ ਵੀ ਨਹੀਂ ਹੋਵੇਗੀ ਕਾਂਗਰਸ ਦੀ ਬੇੜੀ ਪਾਰ : ਮਜੀਠੀਆ

12/04/2017 5:32:43 PM

ਲੁਧਿਆਣਾ (ਨਰਿੰਦਰ) — ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਦੇ ਤੌਰ 'ਤੇ ਨਾਮਜ਼ਦਗੀ ਪੱਤਰ ਭਰਨ 'ਤੇ ਜਿਥੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ, ਉਥੇ ਹੀ ਰਾਹੁਲ 'ਤੇ ਵਿਅੰਗ ਕਰਦਿਆਂ ਕਿਹਾ ਕਿ ਰਾਹੁਲ ਵੀ ਕਾਂਗਰਸ ਦੀ ਬੇੜੀ ਪਾਰ ਨਹੀਂ ਲਗਾ ਸਕਣਗੇ ਕਿਉਂਕਿ ਜਿਥੇ ਵੀ ਹੁਣ ਤਕ ਰਾਹੁਲ ਗਾਂਧੀ ਪ੍ਰਚਾਰ ਲਈ ਗਏ ਹਨ, ਉਥੇ ਕਾਂਗਰਸ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੀ ਹੋਈ ਹੈ। ਪਹਿਲਾਂ ਉਹ ਪਾਰਟੀ ਦੇ ਉਪ ਪ੍ਰਧਾਨ ਸਨ ਤੇ ਹੁਣ ਪ੍ਰਧਾਨ ਬਣ ਜਾਣਗੇ। ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਪੱਤਰਕਾਰਾਂ ਵਲੋਂ ਪਰਿਵਾਰਵਾਦ ਦੇ ਮਾਮਲੇ 'ਚ ਪੁੱਛੇ ਗਏ ਸਵਾਲ 'ਤੇ ਮਜੀਠੀਆ ਨੇ ਕਿਹਾ ਕਿ ਜੋ ਵਿਰੋਧ ਕਰ ਰਹੇ ਹਨ, ਉਨ੍ਹਾਂ ਕੋਲੋਂ ਜਾ ਕੇ ਪੁੱਛਿਆ ਜਾਵੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਕਿਸੇ ਸਮੇਂ ਪਰਿਵਾਰਵਾਦ ਕਾਂਗਰਸ ਦੇ ਖਿਲਾਫ ਇਕ ਵੱਡਾ ਮੁੱਦਾ ਸੀ ਪਰ ਹੁਣ ਖੁਦ ਅਕਾਲੀ ਦਲ ਦੀ ਨਵੀਂ ਟੀਮ 'ਚ ਦਿੱਗਜ ਸਿਆਸੀ ਆਗੂਆਂ ਦੇ ਪੁੱਤਰਾਂ ਤੇ ਰਿਸ਼ਤੇਦਾਰਾਂ ਨੇ ਹੀ ਕਮਾਨ ਸੰਭਾਲ ਲਈ ਹੈ, ਇਸ ਲਈ ਅਕਾਲੀ ਦਲ ਲਈ ਇਹ ਮੁੱਦਾ ਖਤਮ ਹੋ ਚੁੱਕਾ ਹੈ। 
ਜਾਣਕਾਰੀ ਮੁਤਾਬਕ ਮਜੀਠੀਆ ਨਵੀਂ ਕਚਿਹਰੀ ਕੋਰਟ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਥੇ ਸੋਮਵਾਰ ਉਨ੍ਹਾਂ ਵਲੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ 'ਤੇ ਕੀਤੇ ਹੋਏ ਮਾਣਹਾਨੀ ਦੇ ਕੇਸ 'ਚ ਮਾਣਯੋਗ ਅਦਾਲਤ 'ਚ ਪਹੁੰਚੇ ਸਨ। ਮਜੀਠੀਆ ਨੇ ਕੋਰਟ ਦੇ ਬਾਹਰ ਆਉਂਦੇ ਹੀ ਕਿਹਾ ਕਿ 'ਆਪ' ਵਲੋਂ ਉਨ੍ਹਾਂ 'ਤੇ ਲਗਾਏ ਝੂਠੇ ਤੇ ਬੇਬੁਨਿਆਦ ਇਲਜ਼ਾਮਾਂ ਦੇ ਚਲਦਿਆਂ ਆਮ ਆਦਮੀ ਪਾਰਟੀ ਨੂੰ ਅਦਾਲਤ ਦਾ ਸਾਹਮਣਾ ਕਰਨਾ ਹੀ ਹੋਵੇਗਾ। ਮਜੀਠੀਆ ਨੇ ਕਾਂਗਰਸ ਤੇ 'ਆਪ' 'ਚ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੋਵੇਂ ਪਾਰਟੀਆਂ ਦੇ ਆਗੂ ਕਿਵੇਂ ਆਪਸ 'ਚ  ਮਿਲੇ ਹੋਏ ਹਨ, ਇਸ ਦਾ ਖੁਲਾਸਾ ਇਨ੍ਹਾਂ ਗੱਲਾਂ ਤੋਂ ਹੀ ਹੋ ਜਾਂਦਾ ਹੈ ਕਿ 'ਆਪ' ਦੇ ਸੀਨੀਅਰ ਸਪੋਕਸਪਰਸਨ ਦੇ ਕੇਸਾਂ 'ਚ ਕਾਂਗਰਸ ਦੇ ਸੀਨੀਅਰ ਬੁਲਾਰੇ ਮਨੀਸ਼ ਤਿਵਾਰੀ ਵਕੀਲ ਦੇ ਤੌਰ 'ਤੇ ਪੇਸ਼ ਹੋ ਰਹੇ ਹਨ, ਜਦ ਕਿ ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਚੋਣ ਤੇ ਸੁਖਪਾਲ ਖਹਿਰਾ ਮਾਮਲੇ 'ਚ ਇਨ੍ਹਾਂ ਦੀ ਮੈਚ ਫਿਕਸਿੰਗ ਸਾਹਮਣੇ ਆ ਚੁੱਕੀ ਹੈ। ਮਨੁੱਖੀ ਅਧਿਕਾਰਾਂ ਦੇ ਐਡਵੋਕੇਟ ਨਵਕਿਰਨ ਸਿੰਘ ਨੂੰ ਵੀ 'ਆਪ' ਦਾ ਮੁਖੌਟਾ ਕਰਾਰ ਦਿੰਦੇ ਹੋਏ ਮਜੀਠੀਆ ਨੇ ਕਿਹਾ ਕਿ ਬੇਅਦਬੀ ਕੇਸ 'ਚ ਨਵਕਿਰਨ ਹੀ ਖੈਤਾਨ ਵਲੋਂ ਵਕੀਲ ਸਨ। ਉਹ ਖਹਿਰਾ ਦੀ ਬੋਲੀ ਹੀ ਬੋਲਦੇ ਹਨ। ਮਜੀਠੀਆ ਨੇ ਜਸਟਿਸ ਨਾਰੰਗ ਸਮੇਤ ਹੋਰ ਅਜਿਹੇ ਕਮਿਸ਼ਨਾਂ ਨੂੰ ਕਾਂਗਰਸ ਨੂੰ ਖੁਸ਼ ਕਰਨ ਵਾਲਾ ਦੱਸਦੇ ਹੋਏ ਕਿਹਾ ਕਿ ਇਹ ਸਿਰਫ ਬਦਲਾਖੌਰੀ ਦੀ ਭਾਵਨਾ ਨੂੰ ਵਧਾ ਰਹੇ ਹਨ। ਸੁਖਪਾਲ ਖਹਿਰਾ ਦੇ ਵਿਧਾਨ ਸਭਾ 'ਚ ਮੁੱਖ ਮੰਤਰੀ ਅਮਰਿੰਦਰ ਦੇ ਬਾਰੇ 'ਚ ਟਿਪਣੀਆਂ ਕਰਨ ਸੰਬੰਧੀ ਮਜੀਠੀਆ ਨੇ ਕਿਹਾ ਕਿ ਪਹਿਲਾਂ ਤਾਂ ਸੁਖਪਾਲ ਖਹਿਰਾ ਕੈਪਟਨ ਦੇ ਗੁਣਗਾਨ ਕਰਦਾ ਸੀ, ਹੁਣ ਪਤਾ ਨਹੀਂ ਅਜਿਹਾ ਕੀ ਹੋਇਆ ਕਿ ਉਹ ਇਸ ਤਰ੍ਹਾਂ ਦੀ ਭਾਸ਼ਾ ਬੋਲਣ ਲੱਗਾ, ਉਥੇ ਹੀ ਮਜੀਠੀਆ ਨੇ ਸਿਮਰਜੀਤ ਸਿੰਘ ਬੈਂਸ ਦੀ ਆਡੀਓ ਕਲਿਪ ਦੇ ਬਾਰੇ 'ਚ ਕਿਹਾ ਕਿ ਇਹ ਮਾਮਲਾ ਅਦਾਲਤ ਨਾਲ ਸੰਬੰਧਿਤ ਹੈ।