ਸ਼ੈਲਰ ਮਾਲਕਾਂ ਨੇ ਆੜ੍ਹਤੀ ਕੋਲੋਂ ਠੱਗੇ ਲੱਖਾਂ ਰੁਪਏ

11/13/2019 8:11:23 PM

ਮੋਗਾ, (ਆਜ਼ਾਦ)– ਮੋਗਾ ਦੀ ਦਾਣਾ ਮੰਡੀ ’ਚ ਆੜ੍ਹਤ ਦਾ ਕੰਮ ਕਰਦੇ ਮੈੱਸ. ਧੱਲੇਕੇ ਟ੍ਰੇਡਿੰਗ ਕੰਪਨੀ ਦੇ ਹਿੱਸੇਦਾਰ ਬਖਤਾਵਰ ਸਿੰਘ ਨਿਵਾਸੀ ਪਿੰਡ ਧੱਲੇਕੇ ਨੇ ਫਿਰੋਜ਼ਪੁਰ ਦੇ ਸ਼ੈਲਰ ਮਾਲਕਾਂ ’ਤੇ ਕਥਿਤ ਮਿਲੀਭੁਗਤ ਕਰ ਕੇ ਝੋਨੇ ਦੀ ਖਰੀਦ ਮਾਮਲੇ ’ਚ 9 ਲੱਖ 57 ਹਜ਼ਾਰ 937 ਰੁਪਏ ਹੜੱਪਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਬਖਤਾਵਰ ਸਿੰਘ ਪੁੱਤਰ ਲਾਲ ਸਿੰਘ ਨੇ ਕਿਹਾ ਕਿ ਉਹ ਮੋਗਾ ਦੀ ਨਵੀਂ ਦਾਣਾ ਮੰਡੀ ’ਚ ਆੜ੍ਹਤ ਦੀ ਦੁਕਾਨ ਕਰਦਾ ਹੈ। ਸਾਲ 2014 ਤੋਂ ਵਿਜ ਐਗਰੋ ਐਕਸਪੋਰਟਜ਼ ਫਿਰੋਜ਼ਪੁਰ, ਜਿਸ ਦੇ ਪ੍ਰੇਮ ਵਿਜ, ਸੁਨੀਲ ਵਿਜ, ਮੁਨੀਸ਼ ਵਿਜ ਅਤੇ ਨਰੇਸ਼ ਕੁਮਾਰੀ ਹਿੱਸੇਦਾਰ ਹਨ ਅਤੇ ਸਾਡੀ ਆੜ੍ਹਤ ਦੀ ਫਰਮ ਤੋਂ ਬਾਸਮਤੀ ਝੋਨੇ ਦੀ ਖਰੀਦ ਕਰਦੇ ਆ ਰਹੇ ਸਨ ਅਤੇ ਇਨ੍ਹਾਂ ਨਾਲ ਸਾਡਾ ਲੈਣ-ਦੇਣ ਠੀਕ ਚੱਲ ਰਿਹਾ ਸੀ ਪਰ ਅਪ੍ਰੈਲ 2016 ਤੱਕ ਉਨ੍ਹਾਂ ਦੇ ਖਾਤੇ ’ਚ 9 ਲੱਖ 57 ਹਜ਼ਾਰ 937 ਰੁਪਏ ਦੀ ਰਕਮ ਬਕਾਇਆ ਹੋ ਗਈ, ਜੋ ਅਸੀਂ ਲੈਣੀ ਸੀ। ਉਸ ਨੇ ਕਿਹਾ ਕਿ ਅਪ੍ਰੈਲ 2016 ਤੋਂ ਉਕਤ ਸ਼ੈਲਰ ਮਾਲਕਾਂ ਵੱਲੋਂ ਸਾਡੀ ਫਰਮ ਦੇ ਨਾਲ ਲੈਣ-ਦੇਣ ਬੰਦ ਕਰ ਦਿੱਤਾ ਗਿਆ ਅਤੇ ਨਾ ਸਾਨੂੰ ਬਕਾਇਆ ਪੈਸੇ ਦਿੱਤੇ। ਅਸੀਂ ਕਈ ਵਾਰ ਵਿਜ ਐਗਰੋ ਐਕਸਪੋਰਟਸ ਦੇ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ ਪਰ ਉਹ ਸਾਡੇ ਨਾਲ ਟਾਲ-ਮਟੋਲ ਕਰਨ ਲੱਗੇ, ਜਿਸ ’ਤੇ ਅਸੀਂ ਮੋਗਾ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਉਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਪੈਸੇ ਦੇਣੇ ਹਨ, ਕੁੱਝ ਸਮੇਂ ਬਾਅਦ ਦੇ ਦੇਵਾਂਗੇ ਪਰ ਬਾਅਦ ’ਚ ਉਨ੍ਹਾਂ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਸਾਡੇ ਨਾਲ ਸਾਰੇ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਧੋਖਾਦੇਹੀ ਕੀਤੀ ਹੈ।

ਔਰਤ ਸਣੇ 4 ਵਿਰੁੱਧ ਮਾਮਲਾ ਦਰਜ

ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਪਰਮਜੀਤ ਸਿੰਘ ਸੰਧੂ ਵੱਲੋਂ ਕੀਤੀ ਗਈ। ਜਾਂਚ ਸਮੇਂ ਉਨ੍ਹਾਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਪਰ ਕਥਿਤ ਦੋਸ਼ੀਆਂ ’ਚੋਂ ਕੋਈ ਵੀ ਜਾਂਚ ’ਚ ਸ਼ਾਮਲ ਨਹੀਂ ਹੋਇਆ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀਆਂ ਪ੍ਰੇਮ ਵਿਜ, ਸੁਨੀਲ ਵਿਜ, ਮੁਨੀਸ਼ ਵਿਜ ਅਤੇ ਨਰੇਸ਼ ਕੁਮਾਰੀ ਖਿਲਾਫ ਧੋਖਾਦੇਹੀ ਅਤੇ ਹੋਰ ਧਾਰਾਵਾਂ ਤਹਿਤ ਥਾਣਾ ਸਿਟੀ ਮੋਗਾ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਹੌਲਦਾਰ ਜਗਮੋਹਨ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਕਾਬੂ ਨਹੀਂ ਆ ਸਕਿਆ।

Bharat Thapa

This news is Content Editor Bharat Thapa