ਸ਼ੈਲਰ ਮਜ਼ਦੂਰ ਦੀ ਸ਼ੱਕੀ ਹਾਲਾਤਾਂ ''ਚ ਮੌਤ, ਘਰ ਦੇ ਮੰਜੇ ''ਤੇ ਪਈ ਮਿਲੀ ਲਾਸ਼

06/24/2018 2:58:42 PM

ਮੋਗਾ (ਅਜ਼ਾਦ) - ਕਸਬਾ ਅਜੀਤਵਾਲ 'ਚ ਕਿਰਾਏ ਦੇ ਮਕਾਨ 'ਤੇ ਰਹਿੰਦੇ ਇਕ ਸ਼ੈਲਰ ਮਜ਼ਦੂਰ ਰੇਸ਼ਮ ਸਿੰਘ (48) ਨਿਵਾਸੀ ਪਿੰਡ ਡਰੋਲੀ ਪਾਈ ਹਾਲ ਅਬਾਦ ਅਜੀਤਵਾਲ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ, ਜਿਸਦੀ ਲਾਸ਼ ਉਸ ਦੇ ਘਰ 'ਚ ਹੀ ਮੰਜੇ 'ਤੇ ਪਈ ਮਿਲੀ। ਇਸ ਸੰਬੰਧ 'ਚ ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਮ੍ਰਿਤਕ ਦੀ ਪਤਨੀ ਹਰਬਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਰੇਸ਼ਮ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਢੁੱਡੀਕੇ 'ਚ ਆਪਣੀ ਦੂਸਰੀ ਪਤਨੀ ਹਰਵਿੰਦਰ ਕੌਰ ਨਾਲ ਕਰੀਬ 15 ਸਾਲ ਤੋਂ ਰਹਿ ਰਿਹਾ ਸੀ ਅਤੇ ਉਹ ਸ਼ੈਲਰ 'ਚ ਮਜ਼ਦੂਰੀ ਕਰਦਾ ਸੀ। ਕੁੱਝ ਦਿਨਾਂ ਤੋਂ ਉਹ ਅਜੀਤਵਾਲ 'ਚ ਕਮਰਾ ਕਿਰਾਏ 'ਤੇ ਲੈ ਕੇ ਰਹਿਣ ਲੱਗਾ। ਉਨ੍ਹਾਂ ਦੇ ਘਰ ਕੋਲ ਸਕੂਲ ਦੀ ਗਰਾਉਂਡ ਹੈ, ਜਿੱਥੇ ਬੱਚੇ ਖੇਡਣ ਆਉਂਦੇ ਹਨ। ਘਰ ਚੋਂ ਆਉਂਦੀ ਬਦਬੂ ਨੂੰ ਦੇਖ ਕੇ ਉਨ੍ਹਾਂ ਰੋਲਾ ਪਾਇਆ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ। ਲੋਕਾਂ ਦੇ ਸੂਚਨਾ ਦੇਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਦੇਖਿਆ ਕਿ ਰੇਸ਼ਮ ਸਿੰਘ ਦੀ ਲਾਸ਼ ਮੰਜੇ 'ਤੇ ਪਈ ਹੋਈ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਕਰੀਬ ਦੋ ਦਿਨ ਪਹਿਲਾਂ ਉਸਦੀ ਮੌਤ ਹੋ ਚੁੱਕੀ ਹੈ। ਕਿਉਂਕਿ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਦੀ ਮੌਤ ਕਿਵੇਂ ਹੋਈ ਅਤੇ ਡਾਕਟਰਾਂ ਨੇ ਵੀ ਵਿਸਰਾ ਰਿਪੋਰਟ ਲੈਬਾਰਟਰੀ ਨੂੰ ਭੇਜ ਦਿੱਤੀ ਹੈ, ਤਾਂਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ।