ਸਪੀਕਰ ਦੇ ਦਫ਼ਤਰ ਨੂੰ ਸਿਆਸਤ ਤੋਂ ਉਪਰ ਰਹਿਣਾ ਚਾਹੀਦੈ : ਅਕਾਲੀ ਦਲ

02/08/2020 2:05:02 PM

ਚੰਡੀਗੜ੍ਹ (ਅਸ਼ਵਨੀ) : ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਇਹ ਕਹਿੰਦਿਆਂ ਸਾਬਕਾ 'ਆਪ' ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਖਿਲਾਫ ਅਯੋਗ ਠਹਿਰਾਉਣ ਦੀ ਕਾਰਵਾਈ 'ਤੇ ਰੋਕ ਲਾ ਦਿੱਤੀ ਹੈ ਕਿ ਉਸ ਨੇ ਆਪਣਾ ਅਸਤੀਫਾ ਸਹੀ ਢੰਗ ਨਾਲ ਨਹੀਂ ਲਿਖਿਆ ਅਤੇ ਉਸ ਖਿਲਾਫ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬਲਦੇਵ ਸਿੰਘ ਅਤੇ ਅਮਰਜੀਤ ਸੰਦੋਆ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਸੁਖਪਾਲ ਸਿੰਘ ਖਹਿਰਾ ਖਿਲਾਫ ਦਲਬਦਲੀ ਰੋਕੂ ਕਾਨੂੰਨ ਅਧੀਨ ਕਾਰਵਾਈ ਬਹੁਤ ਹੀ ਢਿੱਲੀ ਰਫਤਾਰ ਨਾਲ ਚੱਲ ਰਹੀ ਹੈ।

ਰਿਕਾਰਡ ਨੂੰ ਦਰੁਸਤ ਕਰਦਿਆਂ ਅਕਾਲੀ ਵਿਧਾਇਕ ਦਲ ਦੇ ਆਗੂ ਨੇ ਕਿਹਾ ਕਿ ਅਕਾਲੀ ਵਿਧਾਇਕ 11 ਸਤੰਬਰ 2019 ਨੂੰ ਸਪੀਕਰ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ 4 ਵਿਧਾਇਕਾਂ ਖਿਲਾਫ ਇਕ ਲਿਖ਼ਤੀ ਸ਼ਿਕਾਇਤ ਦਿੱਤੀ ਸੀ ਅਤੇ ਲੋਕ ਪ੍ਰਤੀਨਿਧਤਾ ਐਕਟ ਦੀ ਉਲੰਘਣਾ ਕਰਨ ਲਈ ਸਿਰਫ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਹੀ ਮੰਗ ਨਹੀਂ ਕੀਤੀ ਸੀ, ਸਗੋਂ 15ਵੀਂ ਵਿਧਾਨ ਸਭਾ ਦੇ ਬਚਦੇ ਕਾਰਜਕਾਲ ਤੱਕ ਉਨ੍ਹਾਂ ਦੇ ਕਿਸੇ ਵੀ ਚੋਣ ਲੜਨ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ।

ਢਿੱਲੋਂ ਨੇ ਕਿਹਾ ਕਿ ਸੰਵਿਧਾਨ ਦੀ 10ਵੀਂ ਸੂਚੀ ਕਹਿੰਦੀ ਹੈ ਕਿ 'ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਸਦਨ ਦਾ ਕੋਈ ਵੀ ਮੈਂਬਰ ਜੇਕਰ ਆਪਣੀ ਮਰਜ਼ੀ ਨਾਲ ਉਸ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਛੱਡ ਦਿੰਦਾ ਹੈ ਤਾਂ ਉਹ ਸਦਨ ਦੇ ਮੈਂਬਰ ਵਜੋਂ ਅਯੋਗ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਿਉਂਕਿ 4 ਵਿਧਾਇਕ ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਹਨ, ਇਸ ਲਈ ਮੌਜੂਦਾ ਕੇਸ 'ਚ ਸੰਵਿਧਾਨਕ ਨਿਯਮਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਢਿੱਲੋਂ ਨੇ ਕਿਹਾ ਕਿ ਸਪੀਕਰ ਦੇ ਸਤਿਕਾਰਤ ਦਫ਼ਤਰ ਨੂੰ ਸਿਆਸਤ ਤੋਂ ਉਪਰ ਰਹਿਣਾ ਚਾਹੀਦਾ ਹੈ। ਸੰਵਿਧਾਨਕ ਨਿਯਮਾਂ ਮੁਤਾਬਿਕ 4 ਵਿਧਾਇਕਾਂ ਖਿਲਾਫ ਕਾਰਵਾਈ ਕਰਨ ਵਿਚ ਕੀਤੀ ਜਾ ਰਹੀ ਦੇਰੀ ਕਰ ਕੇ ਸਪੀਕਰ ਦੇ ਦਫ਼ਤਰ 'ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਤੁਰੰਤ ਠੋਸ ਕਦਮ ਚੁੱਕਣ ਦੀ ਅਪੀਲ ਕਰਦਾ ਹਾਂ ਤਾਂ ਕਿ ਸਦਨ ਦੀ ਸ਼ਾਨ 'ਤੇ ਕੋਈ ਧੱਬਾ ਨਾ ਲੱਗੇ।

ਉਨ੍ਹਾਂ ਕਿਹਾ ਕਿ ਨਾਜਰ ਸਿੰਘ ਮਾਨਸ਼ਾਹੀਆ 25 ਅਪ੍ਰੈਲ 2019 ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਇਆ ਸੀ ਅਤੇ ਉਸ ਨੇ ਐਲਾਨ ਕੀਤਾ ਸੀ ਕਿ ਉਸ ਨੇ ਸਹੀ ਢੰਗ ਨਾਲ ਲਿਖਿਆ ਅਸਤੀਫਾ ਸੌਂਪ ਦਿੱਤਾ ਹੈ ਅਤੇ ਇਸ ਦੀ ਇਕ ਕਾਪੀ ਮੀਡੀਆ ਨੂੰ ਵੀ ਜਾਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਸੰਦੋਆ ਦੇ ਮਾਮਲੇ 'ਚ ਇਹ ਹੋਇਆ ਸੀ ਕਿ ਉਸ ਦੀਆਂ ਸਪੀਕਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੜ੍ਹੇ ਹੋ ਕੇ ਇਹ ਐਲਾਨ ਕਰਦੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਕਿ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਖਪਾਲ ਖਹਿਰਾ ਅਤੇ ਬਲਦੇਵ ਸਿੰਘ ਨੇ ਆਪਣੀ ਮਾਂ-ਪਾਰਟੀ ਛੱਡ ਕੇ ਪੰਜਾਬ ਏਕਤਾ ਪਾਰਟੀ ਨਾਂ ਦੀ ਨਵੀਂ ਜਥੇਬੰਦੀ ਬਣਾ ਲਈ ਸੀ ਅਤੇ ਇਸ ਨਵੀਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੋਕ ਸਭਾ ਚੋਣਾਂ ਵੀ ਲੜੀਆਂ ਸਨ। ਇਹ ਸਭ ਜਨਤਕ ਰਿਕਾਰਡ ਵਿਚ ਪਿਆ ਹੈ।

ਵਿਧਾਇਕ ਦਲ ਦੇ ਆਗੂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਵਿਧਾਇਕਾਂ ਵਲੋਂ ਤਨਖਾਹਾਂ ਅਤੇ ਹੋਰ ਸਹੂਲਤਾਂ, ਜਿਹੜੀਆਂ ਸਿਰਫ ਯੋਗ ਵਿਧਾਇਕਾਂ ਲਈ ਹੁੰਦੀਆਂ ਹਨ, ਦੇ ਰੂਪ 'ਚ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ਇਹ ਸਭ ਲੋਕਤੰਤਰੀ ਨਿਯਮਾਂ ਦੇ ਖਿਲਾਫ ਹੈ ਅਤੇ ਉਨ੍ਹਾਂ ਵੋਟਰਾਂ ਨਾਲ ਕੋਝਾ ਮਜ਼ਾਕ ਹੈ, ਜੋ ਚਾਹੁੰਦੇ ਹਨ ਕਿ ਇਨ੍ਹਾਂ 4 ਸੀਟਾਂ ਨੂੰ ਖਾਲੀ ਐਲਾਨਿਆ ਜਾਵੇ ਅਤੇ ਚੋਣਾਂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਤੱਥਾਂ ਦੀ ਰੌਸ਼ਨੀ 'ਚ ਸਪੀਕਰ ਨੂੰ 4 ਵਿਧਾਇਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਲੋਕਤੰਤਰੀ ਢਾਂਚੇ ਅਤੇ ਸੰਵਿਧਾਨਕ ਸੰਸਥਾਵਾਂ 'ਚ ਭਰੋਸਾ ਬਹਾਲ ਹੋ ਸਕੇ।

Anuradha

This news is Content Editor Anuradha