ਸ਼ਾਲੀਮਾਰ ਬਾਗ ''ਚ ਸਫਾਈ ਵਿਵਸਥਾ ਚਰਮਰਾਈ

09/11/2017 6:45:08 AM

ਕਪੂਰਥਲਾ, (ਗੌਰਵ)- ਰਿਆਸਤੀ ਜ਼ਮਾਨੇ ਤੋਂ ਪੰਜਾਬ ਦੀ ਖੂਬਸੂਰਤ ਸੈਰਗਾਹਾਂ 'ਚ ਸ਼ੁਮਾਰ ਹੋਣ ਵਾਲੇ ਕਪੂਰਥਲਾ ਸ਼ਹਿਰ ਦੇ ਸ਼ਾਲੀਮਾਰ ਬਾਗ ਦੀ ਰੌਣਕ ਮੌਜੂਦਾ ਹਾਲਾਤਾਂ 'ਚ ਕਾਫੀ ਫਿੱਕੀ ਪੈ ਰਹੀ ਹੈ। ਸ਼ਾਲੀਮਾਰ ਬਾਗ ਦੇ ਅੰਦਰ ਮੌਜੂਦ ਛੋਟੇ-ਵੱਡੇ ਪਾਰਕਾਂ ਦੀ ਟੁੱਟੀ ਹੋਈ ਬਾਊਂਡਰੀ ਗਰਿੱਲਾਂ, ਸ਼ਾਲੀਮਾਰ ਬਾਗ ਦਾ ਖਸਤਾ ਹਾਲਤ ਮੁੱਖ ਦੁਆਰ ਤੇ ਟੁੱਟੀ ਫੁੱਟੀ ਹਾਲਤ 'ਚ ਝੂਲਿਆਂ ਵਾਲਾ ਪਾਰਕ ਜਿਥੇ ਝੂਲਿਆਂ ਦਾ ਨਾਮੋ-ਨਿਸ਼ਾਨ ਖਤਮ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਸ਼ਾਮ ਦੇ ਸਮੇਂ ਛੋਟੇ ਬੱਚਿਆਂ ਨੂੰ ਝੂਲਿਆਂ ਦਾ ਆਨੰਦ ਮਾਣਦੇ ਕਈ ਵਰ੍ਹੇ ਪਹਿਲਾਂ ਵੇਖਿਆ ਜਾਂਦਾ ਸੀ ਜੋ ਕਿ ਹੁਣ ਵਿਰਾਨ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਜੇਕਰ ਸ਼ਾਲੀਮਾਰ ਬਾਗ 'ਚ ਸਫਾਈ ਵਿਵਸਥਾ ਦੀ ਗੱਲ ਕਰੀਏ ਤਾਂ ਬਾਗ 'ਚ ਸਫਾਈ ਵਿਵਸਥਾ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਕੁਝ ਦਿਨ ਪਹਿਲਾਂ ਸ਼ਾਲੀਮਾਰ ਬਾਗ 'ਚ ਥਾਂ-ਥਾਂ 'ਤੇ ਉੱਗੀ ਹੋਈ ਜੰਗਲੀ ਬੂਟੀ ਨੂੰ ਕਟਾਇਆ ਗਿਆ ਤੇ ਬਾਅਦ 'ਚ ਉਸ ਨੂੰ ਇਕੱਠਾ ਕਰਕੇ ਸੜਕਾਂ ਦੇ ਕਿਨਾਰਿਆਂ 'ਤੇ ਸੁੱਟ ਦਿੱਤਾ ਗਿਆ, ਜੋ ਕਿ ਗੰਦਗੀ ਦਾ ਵਾਤਾਵਰਣ ਬਣਾ ਰਹੀਆਂ ਹਨ। ਇਸ ਤੋਂ ਇਲਾਵਾ ਸ਼ਾਲੀਮਾਰ ਬਾਗ ਦੇ ਪਿਛਲੇ ਗੇਟ ਦੇ ਨਜ਼ਦੀਕ ਸੀਵਰੇਜ ਦੀ ਸਫਾਈ ਕਰਨ ਵਾਲੀ ਮਸ਼ੀਨ ਦੁਆਰਾ ਸੀਵਰੇਜ 'ਚੋਂ ਵੱਡੀ ਗਿਣਤੀ 'ਚ ਗੰਦਗੀ ਕੱਢ ਕੇ ਸੜਕ 'ਤੇ ਹੀ ਵੱਡਾ ਢੇਰ ਲਗਾਇਆ ਹੋਇਆ ਹੈ ਜੋ ਕਿ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਥੋਂ  ਚੁੱਕਿਆ ਨਹੀਂ ਗਿਆ ਹੈ। ਉਸ ਗੰਦਗੀ ਦੇ ਢੇਰ ਦੇ ਕਾਰਨ ਬਦਬੂ ਦਾ ਮਾਹੌਲ ਬਣਿਆ ਹੋਇਆ ਹੈ।
ਬਾਗ 'ਚ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਸੈਰ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਇਸ ਗੰਦਗੀ ਦੇ ਢੇਰ ਨੂੰ ਨਾ ਚੁੱਕੇ ਜਾਣ ਕਾਰਨ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਤੇ ਸੈਰ ਕਰਨ ਵਾਲੇ ਲੋਕ ਆਪਣਾ ਰਸਤਾ ਬਦਲ ਕੇ ਸੈਰ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਰਸਤੇ ਤੋਂ ਚਾਰ-ਪੰਜ ਧਾਰਮਿਕ ਅਸਥਾਨਾਂ ਨੂੰ ਰਸਤਾ ਵੀ ਜਾਂਦਾ ਹੈ, ਜਿਸ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਮੁਸ਼ਕਿਲ ਪੇਸ਼ ਆ ਰਹੀ ਹੈ। ਸ਼ਹਿਰ ਵਾਸੀਆਂ ਨਗਰ ਕੌਂਸਲ ਤੋਂ ਸ਼ਾਲੀਮਾਰ ਬਾਗ 'ਚ ਸਫਾਈ ਵਿਵਸਥਾ ਲਈ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ।