ਜ਼ਿਲੇ ''ਚੋਂ ਮੰਤਰੀ ਨਾ ਬਣਨ ਦਾ ਅਸਰ ਪਵੇਗਾ ਸ਼ਾਹਕੋਟ ਉੱਪ ਚੋਣ ''ਤੇ

04/25/2018 6:59:12 PM

ਜਲੰਧਰ (ਰਵਿੰਦਰ)— ਜ਼ਿਲੇ 'ਚੋਂ ਕਿਸੇ ਵੀ ਵਿਧਾਇਕ ਨੂੰ ਮੰਤਰੀ ਮੰਡਲ 'ਚ ਨਾ ਲੈਣ ਦਾ ਅਸਰ ਆਉਣ ਵਾਲੀ ਸ਼ਾਹਕੋਟ ਵਿਧਾਨ ਸਭਾ ਉੱਪ ਚੋਣ 'ਤੇ ਪੈਣਾ ਤੈਅ ਹੈ। ਸਰਕਾਰ ਰਹਿੰਦੇ ਜੇਕਰ ਕਾਂਗਰਸ ਇਹ ਉੱਪ ਚੋਣ ਹਾਰ ਗਈ ਤਾਂ ਪਾਰਟੀ ਦੀ ਕਿਰਕਿਰੀ ਹੋਣਾ ਤੈਅ ਹੈ। ਪਰ ਜਿਸ ਤਰ੍ਹਾਂ ਨਾਲ ਕੈਬਨਿਟ ਵਿਸਥਾਰ ਤੋਂ ਬਾਅਦ ਬਗਾਵਤ ਦੀ ਹਵਾ ਚੱਲ ਰਹੀ ਹੈ, ਉਸ ਨਾਲ ਸ਼ਾਹਕੋਟ ਉੱਪ ਚੋਣ 'ਚ ਵੀ ਕਾਂਗਰਸ ਨੂੰ ਝਟਕਾ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਸ਼ਾਹਕੋਟ ਦੀ ਸੀਟ ਮਰਹੂਮ ਅਕਾਲੀ ਦਲ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਦਿਹਾਂਤ ਤੋਂ ਬਾਅਦ ਖਾਲੀ ਹੋ ਚੁੱਕੀ ਹੈ। ਜਲਦੀ ਹੀ ਚੋਣ ਕਮਿਸ਼ਨ ਇਥੇ ਉੱਪ ਚੋਣ ਦੀ ਤਰੀਕ ਦਾ ਐਲਾਨ ਕਰ ਸਕਦਾ ਹੈ। 
ਸੱਤਾ 'ਚ ਰਹਿੰਦੇ ਹੋਏ ਕਾਂਗਰਸ ਉੱਪ ਚੋਣ ਨੂੰ ਹਰ ਹਾਲਤ 'ਚ ਜਿੱਤਣਾ ਚਾਵੇਗੀ ਪਰ ਜਿਸ ਤਰ੍ਹਾਂ ਨਾਲ ਜ਼ਿਲੇ ਦੇ ਸਾਰੇ ਵਿਧਾਇਕਾਂ ਨੂੰ ਕੈਬਨਿਟ ਵਿਸਥਾਰ 'ਚ ਦਰਕਿਨਾਰ ਕੀਤਾ ਗਿਆ ਅਤੇ ਜਲੰਧਰ ਨੂੰ ਪੂਰੀ ਤਰ੍ਹਾਂ ਨਾਲ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਉਸ ਨਾਲ ਕਾਂਗਰਸ ਦੀ ਰਾਹ ਮੁਸ਼ਕਿਲ ਹੁੰਦੀ ਦਿਖਾਈ ਦੇ ਰਹੀ ਹੈ। ਕੈਬਨਿਟ 'ਚ ਜਗ੍ਹਾ ਨਾ ਮਿਲਣ ਤੋਂ ਨਿਰਾਸ਼ ਵਿਧਾਇਕ ਜਿੱਥੇ ਖੁੱਲ੍ਹੇ ਮਨ ਨਾਲ ਉੱਪ ਚੋਣ 'ਚ ਪ੍ਰਚਾਰ ਨਹੀਂ ਕਰ ਸਕਣਗੇ, ਉਥੇ ਹੀ ਵਰਕਰਾਂ ਅਤੇ ਜ਼ਿਲੇ ਦੇ ਲੋਕਾਂ ਅੰਦਰ ਵੀ ਨਿਰਾਸ਼ਾ ਦਾ ਆਲਮ ਹੈ। ਇਸ ਨਿਰਾਸ਼ਾ ਨੂੰ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਭੁੰਨ ਸਕਦਾ ਹੈ। ਅਕਾਲੀ ਦਲ ਪਹਿਲਾਂ ਹੀ ਉਮੀਦਵਾਰ ਦਾ ਐਲਾਨ ਕਰਕੇ ਸ਼ੁਰੂਆਤੀ ਲੀਡ ਲੈ ਚੁੱਕਾ ਹੈ ਅਤੇ ਅਕਾਲੀ ਦਲ ਨੇ ਧੱੜਲੇ ਨਾਲ ਆਪਣਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਪਰ ਕਾਂਗਰਸ ਦੇ ਖੇਮੇ 'ਚ ਇਸ ਉੱਪ ਚੋਣ ਨੂੰ ਲੈ ਕੇ ਜ਼ਮੀਨੀ ਹਕੀਕਤ 'ਤੇ ਅਜੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ।