ਸ਼ਾਹਕੋਟ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 7 ਕਿਲੋਗ੍ਰਾਮ ਅਫੀਮ ਸਮੇਤ ਦੋ ਮੋਟਰਸਾਈਕਲ ਸਵਾਰ ਗ੍ਰਿਫ਼ਤਾਰ

03/02/2021 11:36:30 PM

ਸ਼ਾਹਕੋਟ (ਤ੍ਰੇਹਨ) - ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਅਨਸਰਾਂ ਖ਼ਿਲਾਫ਼ ਅੱਜ ਸਥਾਨਕ ਪੁਲਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। 2 ਮੋਟਰਸਾਈਕਲ ਸਵਾਰਾਂ ਨੂੰ 7 ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ. ਐੱਸ. ਪੀ. ਸ਼ਾਹਕੋਟ ਦਵਿੰਦਰ ਸਿੰਘ ਘੁੰਮਣ ਅਤੇ ਸਥਾਨਕ ਮਾਡਲ ਪੁਲਸ ਥਾਣੇ ਦੇ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਾਹਕੋਟ ਥਾਣੇ ਵਿਖੇ ਤਾਇਨਾਤ ਸਬ ਇੰਸਪੈਕਟਰ ਸਾਹਿਲ ਚੌਧਰੀ ਨੇ ਪੁਲਸ ਪਾਰਟੀ ਸਮੇਤ ਸਲੈਚਾਂ ਪੁੱਲ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਇਕ ਮੋਟਰ ਸਾਈਕਲ ਨੂੰ ਰੋਕਿਆ, ਜਿਸ ਨੂੰ ਦਰਸ਼ਨ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਸੁਚੇਤਗੜ ਜ਼ਿਲ੍ਹਾ ਕਪੂਰਥਲਾ ਚਲਾ ਰਿਹਾ ਸੀ ਅਤੇ ਸਨਾਜੀਰ ਮੀਆਂ ਪੁੱਤਰ ਮੁੰਨੀ ਮੀਆਂ ਵਾਸੀ ਪਿੰਡ ਜਮੁਨਾ ਜ਼ਿਲ੍ਹਾ ਪਲਾਮ (ਝਾੜਖੰਡ) ਹਾਲ ਵਾਸੀ ਪਿੰਡ ਬਾਦਸ਼ਾਹਪੁਰ ਥਾਣਾ ਲਾਂਬੜਾ (ਜਲੰਧਰ) ਉਸ ਦੇ ਪਿੱਛੇ ਬੈਠਾ ਸੀ।

ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਦਰਸ਼ਨ ਸਿੰਘ ਕੋਲ਼ੋਂ 2 ਕਿਲੋਗ੍ਰਾਮ ਅਫੀਮ ਅਤੇ ਪਿੱਛੇ ਬੈਠੇ ਸਨਾਜੀਰ ਮੀਆਂ ਕੋਲੋਂ 5 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਦੋਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਦਰਸ਼ਨ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਸਨਾਜੀਰ ਮੀਆਂ ਆਲੂਆਂ ਦਾ ਠੇਕੇਦਾਰ ਹੈ। ਦੋਨੋ ਕਾਫ਼ੀ ਅਰਸੇ ਤੋਂ ਇਕ ਦੂਜੇ ਨੂੰ ਜਾਣਦੇ ਹਨ। ਸਨਾਜੀਰ ਝਾੜਖੰਡ ਤੋਂ ਅਫ਼ੀਮ ਲੈ ਕੇ ਆਉਂਦਾ ਸੀ ਅਤੇ ਜੋ ਦੋਵੇਂ ਮਿਲ ਕੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਪੁਛਗਿਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

Anuradha

This news is Content Editor Anuradha