ਸ਼ਾਹਕੋਟ ਉਪ ਚੋਣ : ਝਾੜੂ ਛੱਡ ਅਕਾਲੀ ਦਲ ਦੀ ਤੱਕੜੀ ''ਚ ਜਾ ਬੈਠੇਗਾ ਆਪ ''ਉਮੀਦਵਾਰ''

03/27/2018 6:32:33 PM

ਸ਼ਾਹਕੋਟ (ਅਰੁਣ) - 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਡਾ. ਅਮਰਜੀਤ ਸਿੰਘ ਥਿੰਦ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਹਲਕੇ 'ਚ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਹੁਣ ਸ਼ਾਹਕੋਟ ਉਪ ਚੋਣ ਤੋਂ ਐਨ ਪਹਿਲਾਂ ਆਈਆਂ ਖਬਰਾਂ ਮੁਤਾਬਕ ਡਾ. ਥਿੰਦ 28 ਮਾਰਚ ਅਕਾਲੀ ਦਲ ਦਾ ਪੱਲਾ ਫੱੜਣਗੇ। 28 ਮਾਰਚ ਨੂੰ ਅਕਾਲੀ ਦਲ ਵੱਲੋਂ ਸ਼ਾਹਕੋਟ ਹਲਕੇ ਅਧੀਨ ਪੈਂਦੇ ਸ਼ਹਿਰ ਮਹਿਤਪੁਰ 'ਚ ਪੋਲ ਖੋਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਰਹਿਣਗੇ। ਇਸ ਮੌਕੇ ਹੀ ਡਾ. ਥਿੰਦ ਆਪ ਦਾ ਝਾੜੂ ਛੱਡ ਅਕਾਲੀ ਦਲ ਦੀ ਤੱਕੜੀ 'ਚ ਜਾ ਬੈਠਣਗੇ।


ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਜੱਥੇਦਾਰ ਅਜੀਤ ਸਿੰਘ ਕੁਹਾੜ ਦੀ ਮੌਤ ਪਿੱਛੋ ਸ਼ਾਹਕੋਟ ਵਿਧਾਨ ਸਭਾ ਹਲਕਾ ਵਿਧਾਇਕਹੀਨ ਹੋ ਗਿਆ ਹੈ। 4 ਫਰਵਰੀ ਨੂੰ ਹੋਈ ਉਨ੍ਹਾਂ ਦੀ ਮੌਤ ਪਿੱਛੋਂ ਇਸ ਵਿਧਾਨ ਸਭਾ ਹਲਕੇ ਅੰਦਰ 6 ਮਹੀਨਿਆਂ ਦੇ ਵਿੱਚ-ਵਿੱਤ ਉਪ ਚੋਣ ਕਰਵਾਈ ਜਾਣੀ ਹੈ। ਸ਼ਾਹਕੋਟ ਉਪ ਚੋਣ ਕਰਵਾਉਣ ਲਈ ਇਲੈਕਸ਼ਨ ਕਮਿਸ਼ਨ ਕਿਸੇ ਵੇਲੇ ਵੀ ਐਲਾਨ ਕਰ ਸਕਦਾ ਹੈ। ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜੋੜ-ਤੋੜ ਦੀ ਰਾਜਨੀਤੀ ਖੇਡੀ ਜਾਣੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ।