ਸ਼ਹੀਦ ਊਧਮ ਸਿੰਘ ਦੇ ਵਾਰਿਸਾਂ ਨੂੰ ਪੰਜਾਬ ਸਰਕਾਰ ਤੋਂ ਮਿਲਿਆ ਭਰੋਸਾ

07/18/2018 6:53:54 AM

ਚੰਡੀਗੜ੍ਹ (ਭੁੱਲਰ) - ਸ਼ਹੀਦ ਊਧਮ ਸਿੰਘ ਮਿਊਜ਼ੀਅਮ ਸੰਘਰਸ਼ ਕਮੇਟੀ ਅਤੇ ਸ਼ਹੀਦ ਦੇ ਵਾਰਿਸਾਂ ਵਲੋਂ ਅੱਜ ਇਥੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈ. ਸੰਦੀਪ ਸੰਧੂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਕਮੇਟੀ ਦੇ ਮੈਂਬਰ ਰਾਜਿੰਦਰ ਸਿੰਘ ਕੈਫ਼ੀ, ਜੰਗੀਰ ਸਿੰਘ, ਹਰਦਿਆਲ ਸਿੰਘ, ਮੰਗਲ ਸਿੰਘ ਜੱਜ, ਗਿਆਨ ਸਿੰਘ, ਪ੍ਰਭਸ਼ਰਨ ਸਿੰਘ ਬੱਬੂ ਐੱਮ. ਸੀ., ਹਰਪਾਲ ਸਿੰਘ, ਕਰਨਵੀਰ ਸਿੰਘ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਅਵਤਾਰ ਸਿੰਘ ਸ਼ਾਮਲ ਸਨ।
ਮੀਟਿੰਗ 'ਚ ਮੰਗ ਰੱਖੀ ਗਈ ਕਿ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਮਿਊਜ਼ੀਅਮ ਬਣਾਇਆ ਜਾਵੇ। ਇਸ ਤੋਂ ਇਲਾਵਾ 31 ਜੁਲਾਈ ਨੂੰ ਜੋ ਸਰਕਾਰ ਵਲੋਂ ਛੁੱਟੀ ਕੀਤੀ ਜਾਂਦੀ ਸੀ, ਨੂੰ ਮੁੜ ਸ਼ੁਰੂ ਕੀਤਾ ਜਾਵੇ, ਕੇਂਦਰ ਸਰਕਾਰ ਵਲੋਂ ਜਲਿਆਂਵਾਲਾ ਬਾਗ ਸਮਾਗਮ ਲਈ ਜੋ 100 ਕਰੋੜ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ, ਉਸ ਵਿਚ ਸ਼ਹੀਦ ਊਧਮ ਸਿੰਘ ਦਾ ਕੋਈ ਵੀ ਪ੍ਰੋਜੈਕਟ ਮਨਜ਼ੂਰ ਨਹੀਂ ਕੀਤਾ ਗਿਆ। ਦੋ ਸਾਲ ਪਹਿਲਾਂ ਸੁਨਾਮ ਦਾ ਨਾਂ ਬਦਲ ਕੇ ਸੁਨਾਮ ਊਧਮ ਸਿੰਘ ਵਾਲਾ ਕੀਤਾ ਗਿਆ ਸੀ, ਜੋ ਇਕ-ਦੋ ਅਦਾਰਿਆਂ ਨੂੰ ਛੱਡ ਕੇ ਕਿਸੇ ਵੀ ਮਹਿਕਮੇ ਵਲੋਂ ਹਾਲੇ ਤੱਕ ਨਹੀਂ ਬਦਲਿਆ ਗਿਆ। ਕਮੇਟੀ ਦੇ ਮੈਂਬਰਾਂ ਅਤੇ ਵਾਰਿਸਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਕਿ ਜਿਸ ਊਧਮ ਸਿੰਘ ਨੇ 21 ਸਾਲ ਬਾਅਦ ਇੰਗਲੈਂਡ ਵਿਚ ਜਾ ਕੇ ਮਾਈਕਲ ਓਡਵਾਇਰ ਨੂੰ ਮਾਰ ਕੇ ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਦਾ ਬਦਲਾ ਲਿਆ ਸੀ, ਉਸ ਸ਼ਹੀਦ ਦਾ ਨਾਂ ਸਰਕਾਰਾਂ ਲਈ ਸਿਰਫ ਵੋਟਾਂ ਬਟੋਰਨ ਤਕ ਹੀ ਸੀਮਤ ਰਹਿ ਗਿਆ ਹੈ । ਕੈ. ਸੰਧੂ ਨੇ ਮਿਊਜ਼ੀਅਮ ਦਾ ਕੰਮ 25 ਜੁਲਾਈ ਤੱਕ ਸ਼ੁਰੂ ਕਰਵਾਉਣ ਤੇ ਹੋਰ ਮੰਗਾਂ ਦੇ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ ।