ਸ਼ਹੀਦ ਊਧਮ ਸਿੰਘ ਨਾਲ ਸਬੰਧਿਤ 4 ਫਾਈਲਾਂ ਦੇਵੇਗੀ ਬ੍ਰਿਟਿਸ਼ ਸਰਕਾਰ

01/23/2018 11:02:36 AM

ਫਿਰੋਜ਼ਪੁਰ : ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਨਵੇਂ ਤੱਥ ਸਾਹਮਣੇ ਆ ਸਕਦੇ ਹਨ ਕਿਉਂਕਿ ਬ੍ਰਿਟਿਸ਼ ਸਰਕਾਰ ਉਨ੍ਹਾਂ ਨਾਲ ਸਬੰਧਿਤ 4 ਫਾਈਲਾਂ ਦੇਣ ਲਈ ਤਿਆਰ ਹੋ ਗਈ ਹੈ। ਇਹ ਚਾਰ ਫਾਈਲਾਂ ਨੈਸ਼ਨਲ ਆਰਕਾਈਵ ਲੰਡਨ (ਇੰਗਲੈਂਡ) 'ਚ ਪਈਆਂ ਹਨ। ਇਹ ਉਨ੍ਹਾਂ ਫਾਈਲਾਂ 'ਚੋਂ ਹਨ, ਜਿਨ੍ਹਾਂ 'ਤੇ ਬ੍ਰਿਟਿਸ਼ ਸਰਕਾਰ ਨੇ 5 ਜੂਨ, 1940 ਨੂੰ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਬਾਅਦ 100 ਸਾਲਾਂ ਲਈ ਪਾਬੰਦੀ ਲਾ ਦਿੱਤੀ ਸੀ। ਇਨ੍ਹਾਂ ਫਾਈਲਾਂ ਦੀ ਕਾਪੀ ਲੈਣ ਲਈ ਨੈਸ਼ਨਲ ਆਰਕਾਈਵ ਨੇ ਕਰੀਬ 80 ਹਜ਼ਾਰ, 383 ਰੁਪਏ (908.60 ਪੌਂਡ) ਦੀ ਮੰਗ ਕੀਤੀ ਹੈ। ਇਨ੍ਹਾਂ ਫਾਈਲਾਂ ਨੂੰ ਲੇਖਕ ਰਾਕੇਸ਼ ਕੁਮਾਰ ਨੇ ਖੋਜਿਆ ਸੀ। ਸ਼ਹੀਦ ਊਧਮ ਸਿੰਘ ਦੀ ਜੀਵਨੀ 'ਤੇ ਲੰਬੇ ਸਮੇਂ ਤੋਂ ਖੋਜ ਕਰ ਰਹੇ ਲੇਖਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬ੍ਰਿਟਿਸ਼ ਸਰਕਾਰ ਨੇ 1997 'ਚ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ 5 ਫਾਈਲਾਂ ਨੂੰ ਜਾਰੀ ਕੀਤਾ ਸੀ, ਜਿਸ 'ਚ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਕਈ ਤੱਥਾਂ ਦਾ ਪਤਾ ਲੱਗਿਆ ਸੀ ਕਿ ਊਧਮ ਸਿੰਘ ਨੇ ਆਪਣੀ ਜ਼ਿੰਦਗੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕੀਤੀ ਸੀ। ਹੁਣ ਨੈਸ਼ਨਲ ਆਰਕਾਈਵ ਲੰਡਨ 'ਚ 4 ਹੋਰ ਫਾਈਲਾਂ ਲੱਭੀਆਂ ਗਈਆਂ ਹਨ। ਲੇਖਕ ਨੇ ਦੱਸਿਆ ਕਿ ਉਕਤ ਫਾਈਲਾਂ ਦੀ ਕਾਪੀ ਲੈਣ ਲਈ ਲੰਬੇ ਸਮੇਂ ਤੋਂ ਨੈਸ਼ਨਲ ਆਰਕਾਈਵ ਨਾਲ ਗੱਲਬਾਤ ਚੱਲ ਰਹੀ ਸੀ। ਹੁਣ ਉਨ੍ਹਾਂ ਨੇ ਲੇਖਕ ਨੂੰੰ ਮੇਲ ਕਰਕੇ ਫਾਈਲਾਂ ਦੀ ਕਾਪੀ ਦੇਣ ਬਾਰੇ ਸੂਚਿਤ ਕੀਤਾ। ਲੇਖਕ ਨੇ ਦੱਸ਼ਿਆ ਕਿ ਇਨ੍ਹਾਂ ਫਾਈਲਾਂ ਨਾਲ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਕੁਝ ਨਵੇਂ ਤੱਥ ਸਾਹਮਣੇ ਆ ਸਕਦੇ ਹਨ।