ਖਟਕੜ ਕਲਾਂ: ਕੈਪਟਨ ਵੱਲੋਂ ਕੀਤਾ ਗਿਆ ਸਰਦਾਰ ਭਗਤ ਸਿੰਘ ਮਿਊਜ਼ੀਅਮ ਦਾ ਉਦਘਾਟਨ

03/23/2018 2:11:40 PM

ਨਵਾਂਸ਼ਹਿਰ/ਖਟਕੜ ਕਲਾਂ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ  ਦੇ ਸ਼ਹੀਦੀ ਦਿਹਾੜੇ ਮੌਕੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ 'ਚ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਸਰਦਾਰ ਭਗਤ ਸਿੰਘ ਮਿਊਜ਼ੀਅਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵਿਲੱਖਣ ਯਾਦਗਾਰ ਪੰਜਾਬੀਆਂ ਦੀ ਲਾਸਾਨੀ ਬਹਾਦਰੀ ਅਤੇ ਦੇਸ਼ ਭਗਤੀ ਨੂੰ ਮੂਰਤੀਮਾਨ ਕਰਦੀ ਹੈ। ਸ਼ਹੀਦ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਕੈਪਟਨ ਨੇ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਕਿਹਾ ਕਿ ਇਹ ਮਹਾਨ ਸ਼ਹੀਦ ਸਾਨੂੰ ਆਪਣੇ ਮਹਾਨ ਦੇਸ਼ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਰਹਿਣਗੇ। 


ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਸੀ ਕਿ ਭਾਰਤ ਇਕ ਵਧੀਆ ਮੁਲਕ ਬਣੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਮੁਸ਼ਕਿਲਾਂ 'ਚ ਪਏ ਲੋਕਾਂ ਦੀ ਮਦਦ ਕੀਤੀ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਵਜੋਤ ਸਿੱਧੂ ਵੀ ਮੌਜੂਦ ਸਨ। ਇਸ ਦੌਰਾਨ ਇਥੇ ਉਨ੍ਹਾਂ ਨੇ ਨਸ਼ਾ ਰੋਕੂ ਮੁਹਿੰਮ ਦਾ ਆਗਾਜ਼ ਕੀਤਾ ਅਤੇ ਲੋਕਾਂ ਨੂੰ ਨਸ਼ੇ ਖਿਲਾਫ ਸਹੁੰ ਚੁੱਕਵਾਈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਰੋਕਥਾਮ ਲਈ ਪੰਜਾਬ ਸਰਕਾਰ ਨਵੀਆਂ ਨੀਤੀਆਂ ਦੀ ਯੋਜਨਾ ਬਣਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਦੇ ਦਿਨ ਨੂੰ 'ਯੁਵਾ ਸ਼ਕਤੀਕਰਨ ਦਿਵਸ' ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। 
ਤੁਹਾਨੂੰ ਦੱਸ ਦਈਏ ਇਸ ਮਿਊਜ਼ੀਅਮ 'ਚ 8 ਅਪ੍ਰੈਲ ਨੂੰ 1929 ਨੂੰ ਦਿੱਲੀ ਦੇ ਅਸੈਂਬਲੀ ਹਾਲ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਬਟੁਕੇਸ਼ਵਰ ਦੱਤ ਵੱਲੋਂ ਅੰਗਰੇਜ਼ ਸਰਕਾਰ ਦੇ ਕੰਨ ਖੋਲ੍ਹਣ ਲਈ ਸੁੱਟੇ ਗਏ ਬੰਬ ਦੀ ਘਟਨਾ ਨੂੰ ਦਿਖਾਇਆ ਗਿਆ ਹੈ। ਮਿਊਜ਼ੀਅਮ 'ਚ ਅੰਦਰ ਆਉਂਦੇ ਹੀ ਲਾਈਟ ਅਤੇ ਸਾਊਂਡ ਦੇ ਜ਼ਰੀਏ ਬੰਬ ਧਮਾਕਿਆਂ ਦਾ ਅਹਿਸਾਸ ਹੋਣ ਲੱਗਦਾ ਹੈ। ਬਿਲਕੁਲ ਉਂਝ ਹੀ ਜਿਵੇਂ ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਕੀਤਾ ਸੀ। ਸ਼ਹੀਦ ਭਗਤ ਸਿੰਘ ਦੇ ਜੇਲ 'ਚ ਬਿਤਾਏ ਗਏ ਦਿਨ ਅਤੇ ਟ੍ਰਾਇਲ ਦੇ ਦੌਰਾਨ ਦੀ ਕਹਾਣੀ ਵੀ ਦਰਸਾਈ ਜਾਵੇਗੀ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿਊਜ਼ੀਅਮ ਦਾ ਜ਼ਿਆਦਾਤਰ ਕੰਮ ਪੂਰਾ ਹੋ ਚੁੱਕਾ ਹੈ, ਜੋ ਥੋੜ੍ਹਾ ਰਹਿ ਗਿਆ ਹੈ, ਉਹ ਵੀ ਜਲਦੀ ਖਤਮ ਹੋ ਜਾਵੇਗਾ।