ਗੁਰਦੁਆਰਿਆਂ ''ਚ ''ਪ੍ਰਸ਼ਾਦ ਤੇ ਲੰਗਰ'' ਚੈੱਕ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ : ਮੱਕੜ

07/26/2016 1:42:13 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬਾਨ ''ਚ ਤਿਆਰ ਹੋਣ ਵਾਲੇ ਪ੍ਰਸ਼ਾਦ ਅਤੇ ਲੰਗਰਾਂ ਨੂੰ ਚੈੱਕ ਕਰਨ ਦੀ ਇਜਾਜ਼ਤ ਕਿਸੇ ਏਜੰਸੀ ਨੂੰ ਨਹੀਂ ਦਿੱਤੀ ਜਾਵੇਗੀ। ਅਸਲ ''ਚ ਫੂਡ ਸੇਫਟੀ ਸਟੈਂਡਰਡਸ ਐਸੋਸੀਏਸ਼ਨ ਆਫ ਇੰਡੀਆ (ਐੱਫ. ਐੱਸ. ਐੱਸ. ਏ. ਆਈ.) ਦੇ ਸੀ. ਈ. ਓ. ਪਵਨ ਅਗਰਵਾਲ ਨੇ ਸੋਮਵਾਰ ਨੂੰ ਕਿਹਾ ਸੀ ਕਿ ਧਾਰਮਿਕ ਸੰਸਥਾਵਾਂ ''ਚ ਵੀ ਬਣਨ ਵਾਲੇ ਲੰਗਰ ਲਈ ਜਾਂਚ ਲਈ ਫੂਡ ਸੇਫਟੀ ਮੈਨਜਮੈਂਟ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ, ਜਿਨ੍ਹਾਂ ''ਚ ਸ਼੍ਰੀ ਦਰਬਾਰ ਸਾਹਿਬ, ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਸ਼ਾਮਲ ਹਨ।
ਇਸ ਸੰਬੰਧੀ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਹ ਕਦਮ ਸਿੱਖ ਰਹਿਤ ਮਰਿਆਦਾ (ਕੋਡ ਆਫ ਕੰਡਕਟ) ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਸ਼੍ਰੀ ਦਰਬਾਰ ਸਾਹਿਬ ''ਚ ਲੰਗਰ ਪਵਿੱਤਰ ਮਨ ਅਤੇ ਪੂਰੀ ਸਫਾਈ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਲਈ ਇਸ ਨੂੰ ਚੈੱਕ ਕਰਨ ਲਈ ਕਿਸੇ ਬਾਹਰੀ ਏਜੰਸੀ ਨੂੰ ਇਜਾਜ਼ਤ ਦੇਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਦੱਸਣਯੋਗ ਹੈ ਕਿ ਸ਼੍ਰੀ ਦਰਬਾਰ ਸਾਹਿਬ ਸਮੇਤ ਦੇਸ਼ ਦੇ 200 ਗੁਰਦੁਆਰਿਆਂ ''ਤੇ ਐੱਸ. ਜੀ. ਪੀ. ਸੀ. ਦਾ ਕੰਟਰੋਲ ਹੈ। ਇਸ ਸੰਬੰਧੀ ਜਦੋਂ ਫੂਡ ਅਤੇ ਡਰੱਗ ਪ੍ਰਸ਼ਾਸਨ, ਪੰਜਾਬ ਦੇ ਕਮਿਸ਼ਨਰ ਹੁਸੈਨ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਏਜੰਸੀ ਵਲੋਂ ਇਸ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਮਾਮਲੇ ''ਤੇ ਗੌਰ ਕਰਨਗੇ।

Babita Marhas

This news is News Editor Babita Marhas