ਗੁਰੂਆਂ ਨਾਲ ਸਬੰਧਤ ਬਣਨ ਵਾਲੀਆਂ ਫਿਲਮਾਂ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ 4 ਮੈਂਬਰੀ ਕਮੇਟੀ ਗਠਿਤ

03/31/2018 7:36:33 AM

ਅੰਮ੍ਰਿਤਸਰ (ਦੀਪਕ/ਮਮਤਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂਆਂ ਨਾਲ ਸਬੰਧਤ ਬਣਾਈਆਂ ਜਾ ਰਹੀਆਂ ਫਿਲਮਾਂ ਦੀ ਜਾਂਚ ਕਰਨ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਜਟ ਇਜਲਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਕਮੇਟੀ ਪਹਿਲਾਂ ਵੀ ਬਣਾਈ ਜਾ ਚੁੱਕੀ ਹੈ ਪਰ ਇਕ ਵਾਰ ਫਿਰ ਤੋਂ ਸਿੱਖਾਂ ਨਾਲ ਸਬੰਧਤ ਫਿਲਮਾਂ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦੀ ਜਾਂਚ ਲਈ ਕਮੇਟੀ ਨੂੰ ਨਵੇਂ ਸਿਰਿਓਂ ਗਠਿਤ ਕਰ ਕੇ ਹਦਾਇਤਾਂ ਦਿੱਤੀਆਂ ਗਈਆਂ ਹਨ। ਵਰਣਨਯੋਗ ਹੈ ਕਿ ਐੱਸ. ਜੀ. ਪੀ. ਸੀ. ਵੱਲੋਂ ਦੇਸ਼-ਵਿਦੇਸ਼ ਦੀ ਸੰਗਤ ਦੀ ਮੰਗ 'ਤੇ ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਿਲਮਾਂ ਵਿਚ ਸਿੱਖ ਕਿਰਦਾਰਾਂ ਨੂੰ ਮਜ਼ਾਕੀਆ ਲਹਿਜ਼ੇ ਨਾਲ ਪੇਸ਼ ਕਰਨ ਦਾ ਮਾਮਲਾ ਵੀ ਬਜਟ ਇਜਲਾਸ ਵਿਚ ਚੁੱਕਿਆ ਗਿਆ। ਲੰਗਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਾਏ ਗਏ ਜੀ. ਐੱਸ. ਟੀ. ਸਬੰਧੀ ਗੱਲ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਸਾਢੇ 4 ਕਰੋੜ ਰੁਪਏ ਜੀ. ਐੱਸ. ਟੀ. ਵਜੋਂ ਅਦਾ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਜੀ. ਐੱਸ. ਟੀ. ਦਾ ਹਿੱਸਾ ਮੁਆਫ ਕਰ ਦਿੱਤਾ ਹੈ, ਹੁਣ ਕੇਂਦਰ ਸਰਕਾਰ ਦੀ ਵਾਰੀ ਹੈ ਅਤੇ ਇਸ ਦੇ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਅਤੇ ਮਿਲ ਕੇ ਮੰਗ ਕਰ ਚੁੱਕੇ ਹਨ। ਉਨ੍ਹਾਂ ਆਸ ਜਤਾਈ ਕਿ ਇਹ ਮਸਲਾ ਕੇਂਦਰ ਸਰਕਾਰ ਜਲਦ ਹੱਲ ਕਰ ਦੇਵੇਗੀ।