ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਦੀ ਪੰਜਵੀਂ ਮੰਜ਼ਿਲ ਦਾ ਪਾਇਆ ਲੈਂਟਰ

03/08/2020 6:22:29 PM

ਅਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਰਸ਼ਨਾਂ ਲਈ ਦੇਸ਼-ਵਿਦੇਸ਼ਾਂ ਤੋਂ ਪੁੱਜਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਲਈ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਭੂਰੀਵਾਲਿਆਂ ਵੱਲੋਂ ਤਿਆਰ ਕਰਵਾਈ ਜਾ ਰਹੀ 500 ਕਮਰਿਆਂ ਦੀ 10 ਮੰਜ਼ਿਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਦੀ ਪੰਜਵੀਂ ਮੰਜ਼ਿਲ ਦਾ ਲੈਂਟਰ ਪਾਇਆ ਗਿਆ। ਇਸ ਦੀ ਆਰੰਭਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੀਤੀ, ਉਪਰੰਤ ਜਥੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਤੀ ਆਧੁਨਿਕ ਸਹੂਲਤਾਂ ਅਤੇ ਸੁੰਦਰ ਦਿੱਖ ਵਾਲੀ ਸਰਾਂ ਤਿਆਰ ਹੋ ਜਾਣ 'ਤੇ ਇਥੇ ਪੁੱਜਣ ਵਾਲੀਆਂ ਸੰਗਤਾਂ ਨੂੰ ਰਿਹਾਇਸ਼ ਦੀ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਸਰਾਂ ਵਿਚ ਸੰਗਤਾਂ ਦੇ ਸਹੂਲਤ ਲਈ ਲਿਫਟਾਂ, ਵਾਹਨਾਂ ਲਈ ਕਾਰ ਪਾਰਕਿੰਗ ਦੇ ਨਾਲ-ਨਾਲ ਸੰਗਤਾਂ ਲਈ ਵੱਡਾ ਉਡੀਕ ਘਰ ਵੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋਂ ਕਾਰ ਸੇਵਾ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਲਈ ਚੜ੍ਹਦੀਕਲਾ ਦੀ ਕਾਮਨਾ ਕੀਤੀ।

ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜਾਇਬ ਸਿੰਘ ਅਭਿਆਸੀ, ਮੈਂਬਰ ਸ਼੍ਰੋਮਣੀ ਕਮੇਟੀ ਬਾਵਾ ਸਿੰਘ ਗੁਮਾਨਪੁਰਾ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ, ਮਹੰਤ ਗੋਪਾਲ ਸਿੰਘ ਕੋਠਾਰੀ, ਮਹੰਤ ਸੁਖਚੈਨ ਸਿੰਘ, ਸੰਪ੍ਰਦਾਇ ਕਾਰਸੇਵਾ ਭੂਰੀਵਾਲਿਆਂ ਦੇ ਬੁਲਾਰੇ ਰਾਮ ਸਿੰਘ ਭਿੰਡਰ, ਭਾਈ ਅਮਰਜੀਤ ਸਿੰਘ ਸ਼ਬਦ ਚੌਂਕੀ, ਪਰਗਟ ਸਿੰਘ ਬਟਾਲਾ ਆਦਿ ਸਮੇਤ ਸੰਗਤਾਂ ਹਾਜ਼ਰ ਸਨ।

Gurminder Singh

This news is Content Editor Gurminder Singh