ਲੰਗਾਹ ਅਤੇ ਘੁਬਾਇਆ ਦੇ ਸੈਕਸ ਸਕੈਂਡਲ ''ਤੇ ਅਕਾਲੀ ਦਲ ਚੁੱਪ ਕਿਉਂ!

10/01/2017 11:04:06 PM

ਜਲੰਧਰ (ਰਮਨਦੀਪ ਸਿੰਘ ਸੋਢੀ) : ਬੀਤੇ ਦਿਨੀਂ ਅਕਾਲੀ ਦਲ ਦੇ ਸਾਬਕਾ ਆਗੂ ਅਤੇ ਐੱਸ. ਜੀ. ਪੀ. ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਦਾ ਸੈਕਸ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਨੇ ਲੰਗਾਹ ਦਾ ਸਾਰੇ ਪਾਰਟੀ ਅੁਹਦਿਆਂ ਤੋਂ ਅਸਤੀਫਾ ਤੁਰੰਤ ਪ੍ਰਵਾਨ ਕਰ ਲਿਆ ਗਿਆ ਹੈ ਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਯਾਦ ਕਰਵਾ ਦਈਏ ਕਿ ਅਕਾਲੀ ਦਲ ਦੇ ਕਿਸੇ ਲੀਡਰ ਦਾ ਇਹ ਕੋਈ ਪਹਿਲਾ ਕਾਂਡ ਨਹੀਂ ਹੈ ਜਦਕਿ ਵਿਧਾਨ ਸਭਾ ਚੋਣਾ ਦੌਰਾਨ ਅਕਾਲੀ ਦਲ ਦੇ ਲੋਕ ਸਭਾ ਹਲਕਾ ਤੋਂ ਸਾਂਸਦ ਸ਼ੇਰ ਸਿੰਘ ਘੁਬਾਇਆ ਦਾ ਵੀ ਇਕ ਅਸ਼ਲੀਲ ਵੀਡੀਓ ਵਾਇਰਲ ਹੋਇਆ ਸੀ ਜਿਸਦੀ ਸਮੁੱਚੇ ਅਕਾਲੀ ਦਲ ਤੇ ਵਿਰੋਧੀ ਪਾਰਟੀਆਂ ਵੱਲੋਂ ਸਖਤ ਨਿੰਦਾ ਕੀਤੀ ਗਈ ਸੀ। ਇਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਸੁੱਚਾ ਸਿੰਘ ਲੰਗਾਹ ਦਾ ਤੁਰੰਤ ਪ੍ਰਭਾਵ ਦੇ ਚੱਲਦਿਆਂ ਅਸਤੀਫਾ ਤੁਰੰਤ ਪ੍ਰਵਾਨ ਕਰ ਲਿਆ ਗਿਆ ਹੈ ਤਾਂ ਆਖਿਰਕਾਰ ਸ਼ੇਰ ਸਿੰਘ ਘੁਬਾਇਆ 'ਤੇ ਅਕਾਲੀ ਦਲ ਚੁੱਪ ਕਿਉਂ ਹੈ? ਅਜੇ ਤਕ ਵੀ ਅਕਾਲੀ ਦਲ ਵੱਲੋਂ ਅਧਿਕਾਰਕ ਤੌਰ 'ਤੇ ਅਜਿਹਾ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ ਜਿਸ ਵਿੱਚ ਸ਼ੇਰ ਸਿੰਘ ਘੁਬਾਇਆ ਨੂੰ ਪਾਰਟੀ ਤੋਂ ਕੱਢਣ ਦੀ ਗੱਲ ਕੀਤੀ ਗਈ ਹੋਵੇ। ਹਾਲਾਂਕਿ ਵਿਧਾਨ ਸਭਾ ਚੋਣਾਂ ਦੌਰਾਨ ਸ਼ੇਰ ਸਿੰਘ ਘੁਬਾਇਆ ਦੀ ਸੁਖਬੀਰ ਸਿੰਘ ਬਾਦਲ ਨਾਲ ਤਲਖੀ ਕਿਸੇ ਤੋਂ ਲੁਕੀ ਨਹੀਂ ਰਹੀ ਹੈ ਤੇ ਉਨ੍ਹਾਂ ਨੇ ਸ਼ਰੇਆਮ ਇਸ ਸਭ ਦੇ ਪਿੱਛੇ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਪਰ ਪਾਰਟੀ ਵੱਲੋਂ ਫਿਰ ਵੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਿਰਫ ਇੰਨਾਂ ਹੀ ਨਹੀਂ ਸਗੋਂ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਨੇ ਤਾਂ ਚੋਣ ਵੀ ਕਾਂਗਰਸ ਪਾਰਟੀ ਦੇ ਨਿਸ਼ਾਨ 'ਤੇ ਲੜੀ ਸੀ ਅਤੇ ਘੁਬਾਇਆ ਉਸ ਲਈ ਪ੍ਰਚਾਰ ਵੀ ਕਰਦੇ ਨਜ਼ਰ ਆਏ ਸਨ। ਘੁਬਾਇਆ ਵੱਲੋਂ ਜਲਾਲਾਬਾਦ 'ਚ ਸੁਖਬੀਰ ਬਾਦਲ ਦੀ ਖੁੱਲ੍ਹ ਕੇ ਮੁਖਾਲਫਤ ਵੀ ਕੀਤੀ ਗਈ ਸੀ। ਅੱਜ ਦਵਿੰਦਰ ਘੁਬਾਇਆ ਕਾਂਗਰਸੀ ਵਿਧਾਇਕ ਬਣ ਗਏ ਹਨ ਪਰ ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਨੂੰ ਅੱਜ ਵੀ ਅਕਾਲੀ ਦਲ ਨਾਲ ਹੀ ਜੋੜ ਕੇ ਵੇਖਿਆ ਜਾਂਦਾ ਹੈ, ਤਾਂ ਅਜਿਹੇ 'ਚ ਸਵਾਲ ਖੜ੍ਹਾ ਹੁੰਦਾ ਹੈ ਕਿ ਆਖਿਰਕਾਰ ਉਹ ਕਿਹੜੀ ਮਜ਼ਬੂਰੀ ਹੈ ਜਿਸਨੇ ਅਕਾਲੀ ਦਲ ਨੂੰ ਸ਼ੇਰ ਸਿੰਘ ਘੁਬਾਇਆ ਦੇ ਖਿਲਾਫ ਕਾਰਵਾਈ ਕਰਨ ਤੋਂ ਰੋਕ ਕੇ ਰੱਖਿਆ ਹੋਇਆ ਹੈ?  
ਦੱਸਦਈਏ ਕਿ ਬੇਸ਼ੱਕ ਅਕਾਲੀ ਦਲ ਨੇ ਲੰਗਾਹ ਦਾ ਅਸਤੀਫਾ ਤਾਂ ਪ੍ਰਵਾਨ ਕਰ ਲਿਆ ਹੈ ਪਰ ਪਾਰਟੀ ਵੱਲੋਂ ਅਜੇ ਤੱਕ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਪ੍ਰਤੀ ਪਾਰਟੀ ਲੀਡਰਸ਼ਿਪ ਨਾਲ ਗੱਲਬਾਤ ਕਰ ਰਹੇ ਹਨ ਅਤੇ ਛੇਤੀ ਹੀ ਉਨ੍ਹਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਲੰਗਾਹ ਦੇ ਪੱਤੇ ਖੋਲ੍ਹੇ ਜਾ ਸਕਦੇ ਹਨ ਪਰ ਵਿਰੋਧੀ ਪਾਰਟੀਆਂ ਸੁਖਬੀਰ ਸਿੰਘ ਬਾਦਲ ਦੀ ਚੁੱਪੀ 'ਤੇ ਕਈ ਸਵਾਲ ਖੜ੍ਹੇ ਕਰ ਰਹੀਆਂ ਹਨ। ਕਾਂਗਰਸੀ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਪਾਲ ਸਿੰਘ ਖਹਿਰਾ ਸਮੇਤ ਕਈ ਲੀਡਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਵੀ ਮੰਗ ਕਰ ਚੁੱਕੇ ਹਨ।