ਲੰਗਾਹ 'ਤੇ ਲੱਗੇ ਦੋਸ਼ਾਂ ਨੂੰ ਮੰਨਣ ਦੀ ਬਜਾਇ ਭਾਜਪਾ ਆਗੂਆਂ ਨੇ ਕੈਪਟਨ ਨੂੰ ਹੀ ਘੇਰਿਆ

10/02/2017 4:01:04 PM

ਗੁਰਦਾਸਪੁਰ (ਬਿਊਰੋ) - ਸੈਕਸ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਤੋਂ ਪਰੇਸ਼ਾਨ ਭਾਜਪਾ ਨੇ ਡੈਮੇਜ ਕੰਟਰੋਲ ਦੀ ਪਲਾਨਿੰਗ ਬਣਾਕੇ ਮੋਰਚਾ ਸੰਭਾਲ ਲਿਆ ਹੈ। ਭਾਜਪਾ ਨੇ ਇਸ ਪੂਰੀ ਘਟਨਾ ਨੂੰ ਰਾਜਨੀਤਿਕ ਸਟੰਟ ਦੱਸਦੇ ਹੋਏ ਕੈਪਟਨ 'ਤੇ ਗੰਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਐਤਵਾਰ ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਭਾਜਪਾ ਪੰਜਾਬ ਪ੍ਰਧਾਨ ਪ੍ਰਭਾਤ ਝਾਅ ਨੇ ਕਿਹਾ ਕਿ ਕੈਪਟਨ ਨੂੰ ਆਪਣੀਆਂ 6 ਮਹੀਨੇ ਦੀਆਂ ਤਰੱਕੀਆਂ ਦੀ ਗਿਣਤੀ ਕਰਵਾਉਣੀ ਚਾਹੀਦੀ ਹੈ ਪਰ ਕੰਮ ਕੁਝ ਕੀਤਾ ਨਹੀਂ ਤਾਂ ਉਹ ਗੰਦੀ ਰਾਜਨੀਤੀ 'ਤੇ ਉਤਰ ਆਏ ਹਨ। ਪ੍ਰਭਾਤ ਝਾਅ ਨੇ ਕਿਹਾ ਕਿ ਕਾਂਗਰਸ ਨੇ 6 ਮਹੀਨੇ 'ਚ ਕੁਝ ਨਹੀਂ ਕੀਤਾ, ਝੂਠੇ ਵਾਅਦੇ ਕਰਕੇ ਸੱਤਾ 'ਚ ਆਏ ਅਤੇ ਇਸ ਦੇ ਚੱਲਦੇ ਹੁਣ ਲੋਕਾਂ ਕੋਲੋਂ ਵੋਟ ਕਿਸ ਤਰ੍ਹਾਂ ਮੰਗਣ ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ। ਇਹ ਹੀ ਕਾਰਨ ਹੈ ਕਿ ਉਹ ਲੋਕਾਂ ਦਾ ਧਿਆਨ ਭਟਕਾ ਕੇ ਇਸ ਪ੍ਰਕਾਰ ਦੀ ਨਕਲੀ ਵੀਡੀਓ ਅਤੇ ਕਹਾਣੀ ਬਣਾ ਕੇ ਦੋਸ਼ ਲਗਾ ਰਹੇ ਹਨ। ਕੈਪਟਨ 'ਤੇ ਦੋਸ਼ ਲਗਾਉਂਦੇ ਹੋਏ ਪ੍ਰਭਾਤ ਝਾਅ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਪ੍ਰਤਾਪ ਬਾਜਵਾ ਨੂੰ ਬਲੀ ਦਾ ਬਕਰਾ ਬਣਾਇਆ ਅਤੇ ਹੁਣ ਪ੍ਰਧਾਨ ਦੀ ਕੁਰਸੀ ਪਾਉਣ ਲਈ ਸੁਨੀਲ ਜਾਖੜ ਨੂੰ ਬਣਾਉਣ ਜਾ ਰਹੇ ਹਨ। ਇਕ ਸਵਾਲ ਦੇ ਜਵਾਬ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਪ੍ਰਤਾਪ ਬਾਜਵਾ ਸਾਡੀ ਪਾਰਟੀ 'ਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਦਿਲੋਂ ਸਵਾਗਤ ਕਰਾਗੇ ਅਤੇ ਮੈਂ ਖੁਦ ਉਨ੍ਹਾਂ ਨੂੰ ਸਿਰੋਪਾ ਦੇ ਕੇ  ਉਨ੍ਹਾਂ ਦੀ ਅਗਵਾਹੀ ਕਰਾਂਗਾ।