ਗਮਾਡਾ ਵਲੋਂ ਸੱਤ ਗੈਰ-ਕਾਨੂੰਨੀ ਰਿਹਾਇਸ਼ੀ ਕਾਲੋਨੀਆਂ ਰੱਦ

07/04/2017 7:30:42 AM

ਮੋਹਾਲੀ,  (ਕੁਲਦੀਪ)-  ਗਮਾਡਾ ਵਲੋਂ ਵੱਖ-ਵੱਖ ਜ਼ਿਲਿਆਂ ਵਿਚ ਸੱਤ ਗ਼ੈਰ-ਕਾਨੂੰਨੀ ਰਿਹਾਇਸ਼ੀ ਕਾਲੋਨੀਆਂ ਨੂੰ ਰੱਦ ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਗਮਾਡਾ ਨੇ ਇਹ ਕਾਲੋਨੀਆਂ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਐੱਸ. ਟੀ. ਪੀ. ਵਲੋਂ ਰੱਦ ਕੀਤੀਆਂ ਹੋਈਆਂ ਹਨ । ਪ੍ਰਾਪਤ ਜਾਣਕਾਰੀ ਮੁਤਾਬਿਕ ਇਨ੍ਹਾਂ ਗ਼ੈਰ-ਕਾਨੂੰਨੀ ਕਾਲੋਨੀਆਂ ਦੇ ਮਾਲਕਾਂ ਨੇ ਗਮਾਡਾ ਕੋਲ ਉੱਚਿਤ ਫੀਸ ਆਦਿ ਜਮ੍ਹਾ ਕਰਵਾ ਕੇ ਇਨ੍ਹਾਂ ਨੂੰ ਰੈਗੂਲਰ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਸੀ ਅਤੇ ਕਾਲੋਨੀਆਂ ਵਿਚ ਗਮਾਡਾ ਦੇ ਨਿਯਮਾਂ ਮੁਤਾਬਿਕ ਕੰਮ ਵੀ ਨਹੀਂ ਕੀਤੇ ਗਏ ਸਨ। ਸਰਕਾਰ ਦੇ ਆਦੇਸ਼ਾਂ 'ਤੇ ਗਮਾਡਾ ਦੇ ਟਾਊਨ ਪਲਾਨਿੰਗ ਵਿਭਾਗ ਦੀ ਟੀਮ ਵਲੋਂ ਇਨ੍ਹਾਂ ਕਾਲੋਨੀਆਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਕਾਫੀ ਕਮੀਆਂ ਪਾਈਆਂ ਗਈਆਂ ਸਨ । ਜਿਨ੍ਹਾਂ ਕਾਲੋਨੀਆਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਵਿਚ ਜ਼ਿਲਾ ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਅਤੇ ਜ਼ਿਲਾ ਪਟਿਆਲਾ ਅਧੀਨ ਕਾਲੋਨੀਆਂ ਪੈਂਦੀਆਂ ਹਨ। ਜ਼ਿਲਾ ਰੋਪੜ ਦੇ ਪਿੰਡ ਖੈਰਾਬਾਦ ਵਿਚ ਦੀਦਾਰ ਨਗਰ ਕਾਲੋਨੀ, ਜ਼ਿਲਾ ਮੁਕਤਸਰ ਦੇ ਪਿੰਡ ਪਾਦਰਪੁਰ ਵਿਚ ਪਾਦਰਪੁਰ ਕਾਲੋਨੀ, ਜ਼ਿਲਾ ਰੋਪੜ ਦੇ ਮੋਰਿੰਡਾ ਵਿਚ ਪ੍ਰੀਤ ਕਾਲੋਨੀ, ਰੋਪੜ  ਦੇ ਪਿੰਡ ਖੈਰਾਬਾਦ ਵਿਚ ਖੈਰਾਬਾਦ ਕਾਲੋਨੀ, ਜ਼ਿਲਾ ਰੋਪੜ ਦੇ ਹੀ ਰਾਮਨਗਰ ਵਿਚ ਖੈਰਾਬਾਦ ਕਾਲੋਨੀ, ਹਵੇਲੀ ਕਲਾਂ ਵਿਚ ਹਰੀ ਇਨਕਲੇਵ, ਰੋਪੜ ਦੇ ਇੰਦਰ ਨਗਰ ਵਿਚ ਇੰਦਰ ਇਨਕਲੇਵ, ਪਟਿਆਲਾ ਦੇ ਥਾਪਲ ਪਿੰਡ ਵਿਚ ਤਰਾਇਨ ਸਿਟੀ ਨੂੰ ਰੱਦ ਕੀਤਾ ਗਿਆ ਹੈ ।
ਪ੍ਰਾਪਤ ਜਾਣਕਾਰੀ ਮੁਤਾਬਿਕ ਇਨ੍ਹਾਂ ਕਾਲੋਨੀਆਂ ਵਿਚੋਂ ਕਈ ਕਾਲੋਨੀਆਂ 'ਤੇ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਲੰਘ ਰਹੀਆਂ ਸਨ, ਕਾਲੋਨੀਆਂ ਵਿਚ ਟਾਊਨ ਪਲਾਨਿੰਗ ਦੇ ਮੁਤਾਬਿਕ ਕੰਮ ਨਹੀਂ ਕੀਤੇ ਗਏ ਸਨ । ਗਮਾਡਾ ਵਲੋਂ ਹੁਣ ਇਨ੍ਹਾਂ ਗ਼ੈਰ-ਕਾਨੂੰਨੀ ਕਾਲੋਨੀਆਂ ਵਿਚ ਬਕਾਇਦਾ ਬੋਰਡ ਲਗਾਏ ਜਾਣਗੇ, ਤਾਂ ਕਿ ਲੋਕ ਇਨ੍ਹਾਂ ਕਾਲੋਨੀਆਂ ਵਿਚ ਪਲਾਟ ਅਤੇ ਫਲੈਟ ਆਦਿ ਨਾ ਖਰੀਦ ਸਕਣ ।