ਨਰਕ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਐੱਸ. ਬੀ. ਐੱਸ. ਕਾਲਜ ਰੋਡ ਵਾਸੀ

10/17/2017 2:24:37 AM

ਕੋਟਕਪੂਰਾ,   (ਨਰਿੰਦਰ)- ਲੰਬੇ ਸਮੇਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਦੇ ਪ੍ਰਮੁੱਖ ਸ਼ਹੀਦ ਭਗਤ ਸਿੰਘ ਕਾਲਜ ਰੋਡ 'ਤੇ ਕੋਲਡ ਸਟੋਰ ਦੇ ਵਾਸੀਆਂ ਤੋਂ ਇਲਾਵਾ ਇਥੋਂ ਲੰਘਣ ਵਾਲੇ ਆਮ ਲੋਕ ਬੇਹੱਦ ਪ੍ਰੇਸ਼ਾਨ ਹਨ। ਇਹ ਰੋਡ ਸ਼ਹਿਰ ਤੋਂ ਸਰਕਾਰੀ ਸ਼ਹੀਦ ਭਗਤ ਸਿੰਘ ਡਿਗਰੀ ਕਾਲਜ, ਸ਼ਮਸ਼ਾਨਘਾਟ, ਬਠਿੰਡਾ ਰੋਡ ਤੇ ਅਸ਼ੋਕਾ ਸਕੂਲ ਨੂੰ ਜਾਣ ਲਈ ਮੁੱਖ ਰਸਤਾ ਹੈ। 
ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ਸੋਨੀ ਥਾਪਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਨ 'ਤੇ ਵੀ ਸੀਵਰੇਜ ਪ੍ਰਬੰਧਾਂ ਵਿਚ ਕੋਈ ਸੁਧਾਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਤੋਂ ਸ਼ਰਮਿੰਦਗੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸਸਕਾਰ ਲਈ ਸ਼ਮਸ਼ਾਨਘਾਟ ਜਾਣ ਵਾਸਤੇ ਲੋਕਾਂ ਨੂੰ ਮੁਸ਼ਕਿਲ ਭਰੇ ਰਸਤੇ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਤੋਂ ਇਲਾਵਾ ਕਾਲਜ ਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਅਸਿੱਧੇ ਰਸਤਿਆਂ ਰਾਹੀਂ ਪੜ੍ਹਨ ਲਈ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਵਿਭਾਗ ਦੇ ਕੋਟਕਪੂਰਾ ਦੀ ਸੀਵਰੇਜ ਪ੍ਰਣਾਲੀ ਨੂੰ ਸੁਧਾਰਨ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਜਲਦ ਨਿਜਾਤ ਦੁਆਈ ਜਾਵੇ, ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। 
ਇਸ ਮੌਕੇ ਲੈਕ. ਜਗਦੇਵ ਸਿੰਘ, ਡਾ. ਟੇਕਪਾਲ ਸ਼ਰਮਾ, ਰਾਘਵ ਮਿੱਤਲ, ਕੁਲਦੀਪ ਸ਼ਰਮਾ, ਰਾਕੇਸ਼ ਕੁਮਾਰ ਰਿੰਕਾ ਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।